ਠਾਠ ਵਾਲੀ ਜ਼ਿੰਦਗੀ ਜਿਊਣ ਲਈ ਲੁੱਟਾਂ ਖੋਹਾਂ ’ਚ ਪਏ ਤਿੰਨ ਕਾਲਜੀਏਟ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 25 ਨਵੰਬਰ
ਜ਼ਿਲ੍ਹਾ ਪੁਲੀਸ ਡੱਬਵਾਲੀ ਨੇ ਆੜ੍ਹਤੀਏ ਤੋਂ ਮੋਬਾਈਲ ਫੋਨ ਲੁੱਟ ਮਾਮਲੇ ਵਿੱਚ ਇਨ੍ਹਾਂ ਤਿੰਨ ਵਿਦਿਆਰਥੀਆਂ ਨੂੰ ਕਾਬੂ ਕੀਤਾ ਹੈ ਜੋ ਕਿ ਮਹਿੰਗੇ ਕੱਪੜੇ ਅਤੇ ਜੁੱਤੇ ਪਹਿਨਣ ਦੇ ਸ਼ੌਂਕ ਪੂਰੇ ਕਰਨ ਲਈ ਪੜ੍ਹਨ ਦੀ ਬਜਾਏ ਅਪਰਾਧ ਦੇ ਦੁਨੀਆਂ ’ਚ ਆ ਗਏ। ਫੜੇ ਗਏ ਤਿੰਨੋਂ ਜਣੇ ਡੀ.ਏ.ਵੀ. ਕਾਲਜ ਬਠਿੰਡਾ ਦੇ ਵਿਦਿਆਰਥੀ ਹਨ, ਜਿਨ੍ਹਾਂ ’ਚੋਂ ਦੋ ਜਣੇ ਸਕੇ ਭਰਾ ਵੀ ਸ਼ਾਮਲ ਹਨ। ਤਿੰਨੇ ਮੁਲਜ਼ਮ ਨਾਲ ਖਹਿੰਦੇ ਪੰਜਾਬ ਦੇ ਲੰਬੀ ਹਲਕੇ ਦੇ ਪਿੰਡ ਬਾਦਲ ਤੇ ਗੱਗੜ ਦੇ ਵਸਨੀਕ ਹਨ। ਪੁਲੀਸ ਰਿਮਾਂਡ ਵਿੱਚ ਇਨ੍ਹਾਂ ਡੱਬਵਾਲੀ ਸ਼ਹਿਰ ਵਿੱਚ 3 ਵਾਰਦਾਤਾਂ ਨੂੰ ਕਬੂਲੀਆਂ ਹਨ। ਤਿੰਨੇ ਮੁਲਜ਼ਮਾਂ ਦੀ ਸ਼ਨਾਖਤ ਸੁਖਪ੍ਰੀਤ ਉਰਫ ਸੁੱਖੀ ਵਾਸੀ ਰਘੁਬੀਰ ਸਿੰਘ ਵਾਸੀ ਗੱਗੜ (ਲੰਬੀ), ਦੋ ਸਕੇ ਭਰਾ ਅਨੁਰਾਗ ਸਿੰਘ ਤੇ ਨਵਦੀਪ ਸਿੰਘ ਵਾਸੀ ਪਿੰਡ ਬਾਦਲ ਵਜੋਂ ਹੋਈ ਹੈ।
ਡੱਬਵਾਲੀ ਦੇ ਐੱਸ.ਪੀ. ਸਿਧਾਂਤ ਜੈਨ ਨੇ ਦੱਸਿਆ ਕਿ ਪਿਛਲੇ 20 ਨਵੰਬਰ ਨੂੰ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਗੋਲ ਬਾਜ਼ਾਰ ਵਿੱਚ ਇੱਕ ਦੁਕਾਨ ਦੇ ਮੂਹਰੇ ਮੋਬਾਈਲ ਫੋਨ ‘ਤੇ ਗੱਲ ਕਰ ਰਹੇ ਆੜ੍ਹਤੀਏ ਵਿਕਾਸ ਵਾਸੀ ਏਕਤਾ ਨਗਰੀ, ਡੱਬਵਾਲੀ ਤੋਂ 50 ਹਜ਼ਾਰ ਰੁਪਏ ਕੀਮਤ ਦਾ ਮੋਬਾਈਲ ਫੋਨ ਖੋਹ ਲਿਆ ਸੀ। ਐਸ.ਪੀ. ਨੇ ਦੱਸਿਆ ਕਿ ਵਾਰਦਾਤ ਨੂੰ ਸੁਲਝਾਉਣ ਲਈ ਸੀਆਈਏ ਅਤੇ ਸਾਈਬਰ ਸੈੱਲ ਦੀਆਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੁੱਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਅਨੁਰਾਗ ਅਤੇ ਨਵਦੀਪ ਦੋਨਾਂ ਸਕੇ ਭਰਾ ਹਨ। ਤੀਜਾ ਮੁਲਜ਼ਮ ਸੁਖਪ੍ਰੀਤ ਉਰਫ ਸੁੱਖੀ ਉਨ੍ਹਾਂ ਦਾ ਦੋਸਤ ਹੈ। ਉਹ ਸਾਰੇ ਡੀਏਵੀ ਕਾਲਜ ਬਠਿੰਡਾ ਪੰਜਾਬ ਵਿੱਚ ਪੜ੍ਹਾਈ ਕਰਦੇ ਹਨ। ਮੁਲਜ਼ਮ ਅਨੁਰਾਗ ਅਤੇ ਨਵਦੀਪ ਦੇ ਪਿਤਾ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਦਰਜਾ ਚਾਰ ਦਾ ਕਰਮਚਾਰੀ ਹੈ। ਮੁਲਜ਼ਮਾਂ ਨੇ ਪੁੱਛ ਪੜਤਾਲ ਦੱਸਿਆ ਕਿ ਉਨ੍ਹਾਂ ਦਾ ਕਾਲਜ ਵਿੱਚ ਕਾਫ਼ੀ ਖਰਚ ਹੁੰਦਾ ਹੈ, ਜੋ ਸ਼ੌਂਕ ਪੂਰਾ ਕਰਨ ਲਈ ਘਰ ਵਾਲੇ ਇੰਨਾ ਖਰਚਾ ਦੇਣ ਵਿੱਚ ਅਸਮਰਥ ਸਨ, ਜੋ ਕਾਲਜ ਵਿੱਚ ਮਹਿੰਗੇ ਕੱਪੜੇ ਅਤੇ ਜੁੱਤੇ ਪਹਿਨਣ ਦਾ ਸ਼ੌਂਕ ਸੀ, ਜੋ ਸ਼ੌਕ ਪੂਰਾ ਕਰਨ ਲਈ ਲੁੱਟਾਂ-ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਐੱਸਪੀ ਨੇ ਦੱਸਿਆ ਕਿ ਪਿਛਲੇ ਦਿਨ ਮੁੜ ਵਾਰਦਾਤ ਕਰਨ ਲਈ ਡੱਬਵਾਲੀ ਵਿੱਚ ਦਾਖ਼ਲ ਕਰਦੇ ਸਮੇਂ ਮੁਲਾਜ਼ਮਾਂ ਨੂੰ ਮੋਟਰ ਸਾਇਕਲ ਸਣੇ ਕਾਬੂ ਕਰ ਲਿਆ। ਅਦਾਲਤ ਵਿੱਚ ਪੇਸ਼ ਕਰਨ ਲਈ ਤਿੰਨੇ ਮੁਲਜਮਾਂ ਨੂੰ 2 ਦਿਨਾਂ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ।