ਸੜਕ ਹਾਦਸਿਆਂ ਵਿੱਚ ਬੱਚੇ ਸਮੇਤ ਤਿੰਨ ਹਲਾਕ
ਗੁਰਿੰਦਰ ਸਿੰਘ
ਲੁਧਿਆਣਾ, 17 ਅਕਤੂਬਰ
ਇੱਥੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਕੂੰਮਕਲਾਂ ਦੇ ਇਲਾਕੇ ਦੋਰਾਹਾ-ਨੀਲੋਂ ਰੋਡ ਨੇੜੇ ਐਮਾਜੋਨ ਫੈਕਟਰੀ ਝੁੱਗੀਆਂ ਵਾਸੀ ਵਕੀਲ ਮੁਹਸਰ ਅਤੇ ਉਸਦਾ ਲੜਕਾ ਕਰਨ (5) ਜਾ ਰਹੇ ਸਨ ਕਿ ਇੱਕ ਬਰੇਜਾ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਕਰਨ ਨੂੰ ਫੇਟ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਕਰਨ ਨੂੰ ਜ਼ਖ਼ਮੀ ਹਾਲਤ ਵਿੱਚ ਰਾਜਵੰਤ ਹਸਪਤਾਲ ਦੋਰਾਹਾ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਨਿਊ ਪੁਨੀਤ ਨਗਰ ਟਿੱਬਾ ਰੋਡ ਵਾਸੀ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਸੁਸ਼ੀਲ ਕੁਮਾਰ ਦਾ ਟੈਂਪੂ ਸੁਪਰੋ ਛੋਟਾ ਹਾਥੀ ਮੁਹੱਲਾ ਇੰਦਰਾ ਕਲੋਨੀ ਤਾਜਪੁਰ ਰੋਡ ’ਤੇ ਠੀਕ ਕਰ ਰਿਹਾ ਸੀ ਤਾਂ ਸਾਗਰ ਨੇ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਚਲਾ ਕੇ ਟੈਂਪੂ ਕੋਲ ਖੜ੍ਹੇ ਉਸਦੇ ਜੀਜਾ ਸੌਰਵ ਵਾਸੀ ਹਸਨਪੁਰ ਨਾਗਕੋਡੀ ਬਿਹਾਰ, ਸ਼ੁਸ਼ੀਲ ਕੁਮਾਰ ਅਤੇ ਚੰਦਨ ਨੂੰ ਫੇਟ ਮਾਰੀ ਜਿਸ ਕਾਰਨ ਉਸਦੇ ਜੀਜਾ ਸੌਰਵ ਸਮੇਤ ਤਿੰਨੇ ਜਣੇ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਸੌਰਵ ਦੀ ਇਲਾਜ ਦੌਰਾਨ ਸੈਕਟਰ-32 ਚੰਡੀਗੜ੍ਹ ਹਸਪਤਾਲ ਵਿੱਚ ਮੌਤ ਹੋ ਗਈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੇ ਥਾਣੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਮੌਕੇ ਤੋਂ ਜਾਣਕਾਰੀ ਮਿਲੀ ਸੀ ਕਿ ਨੀਰਜ ਬਹਾਦੁਰ ਵਾਸੀ ਜਵਾਹਰ ਨਗਰ ਕੈਂਪ ਨੇ ਆਪਣਾ ਮੋਟਰਸਾਈਕਲ ਤੇਜ਼ ਰਫਤਾਰ ਨਾਲ ਚਲਾ ਕੇ ਪੈਦਲ ਜਾਂਦੇ ਨਰਾਇਣ ਨੂੰ ਫੇਟ ਮਾਰੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਦੌਰਾਨ ਉਸਦੀ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਵਿੱਚ ਮੌਤ ਹੋ ਗਈ।
ਵੱਖ-ਵੱਖ ਥਾਵਾਂ ’ਤੇ ਪੰਜ ਵਿਅਕਤੀ ਜ਼ਖ਼ਮੀ
ਪਿੰਡ ਰਾਮਗੜ੍ਹ ਮੇਨ ਚੌਕ ਕੱਟ ’ਤੇ ਵਿੱਦਿਆ ਨੰਦ ਯਾਦਵ ਅਤੇ ਉਸਦੇ ਲੜਕੇ ਪ੍ਰਿੰਸ ਕੁਮਾਰ ਯਾਦਵ (23) ਵਾਸੀ ਉੱਚੀ ਮੰਗਲੀ ਆਪੋ-ਆਪਣੇ ਸਾਈਕਲਾਂ ’ਤੇ ਜਾ ਰਹੇ ਸਨ ਕਿ ਪਿੰਡ ਰਾਮਗੜ੍ਹ ਮੇਨ ਚੌਕ ਕੋਲ ਅਣਪਛਾਤੇ ਵਿਅਕਤੀ ਨੇ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਚਲਾ ਕੇ ਲੜਕੇ ਦੇ ਸਾਈਕਲ ਨੂੰ ਫੇਟ ਮਾਰੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਅਰੋੜਾ ਨਿਊਰੋ ਸੈਂਟਰ ਦਾਖ਼ਲ ਕਰਾਇਆ ਗਿਆ। ਇਸੇ ਤਰ੍ਹਾਂ ਥਾਣਾ ਦਰੇਸੀ ਦੇ ਇਲਾਕੇ ਨਿਊ ਮਾਧੋਪੁਰੀ ਵਿੱਚ ਚੰਦਰ ਸ਼ਰਮਾ ਵਾਸੀ ਦੌਲਤ ਕਲੋਨੀ ਦਾ ਲੜਕਾ ਕੁਨਾਲ ਸ਼ਰਮਾ (24) ਅਤੇ ਭਤੀਜਾ ਨਿਤੀਨ ਸ਼ਰਮਾ ਆਪਣੇ ਮੋਟਰਸਾਈਕਲ ’ਤੇ ਘਰ ਆ ਰਹੇ ਸਨ ਕਿ ਨਿਊ ਮਾਧੋਪੁਰੀ ਪਾਸ ਅਣਪਛਾਤੇ ਵਾਹਨ ਚਾਲਕ ਨੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ। ਹਾਦਸੇ ਦੌਰਾਨ ਦੋਵੇਂ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।