For the best experience, open
https://m.punjabitribuneonline.com
on your mobile browser.
Advertisement

ਕੋਟਕਪੂਰਾ ’ਚ ਮਕਾਨ ਦੀ ਛੱਤ ਡਿੱਗਣ ਕਾਰਨ ਬੱਚੇ ਸਣੇ ਤਿੰਨ ਹਲਾਕ

07:41 AM Jul 13, 2023 IST
ਕੋਟਕਪੂਰਾ ’ਚ ਮਕਾਨ ਦੀ ਛੱਤ ਡਿੱਗਣ ਕਾਰਨ ਬੱਚੇ ਸਣੇ ਤਿੰਨ ਹਲਾਕ
ਮ੍ਰਿਤਕਾਂ  ਦੀਆਂ ਪੁਰਾਣੀਅਾਂ ਤਸਵੀਰਾਂ।
Advertisement

ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 12 ਜੁਲਾਈ
ਸਥਾਨਕ ਦੇਵੀਵਾਲਾ ਰੋਡ ਸਥਿਤ ਇੱਕ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਇੱਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਹੈ। ਜ਼ਖ਼ਮੀ ਲੜਕੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਦੇਵੀਵਾਲਾ ਰੋਡ ’ਤੇ ਬਿਜਲੀ ਗਰਿੱਡ ਦੇ ਸਾਹਮਣੇ ਵਾਲੀ ਗਲੀ ਵਿੱਚ ਅੱਜ ਸਵੇਰੇ 3.30 ਵਜੇ ਅਚਾਨਕ ਧਮਾਕਾ ਹੋਇਆ, ਜਦੋਂ ਪਰਿਵਾਰ ਦੇ ਜੀਆਂ ਨੇ ਉੱਠ ਕੇ ਵੇਖਿਆ ਤਾਂ ਘਰ ਦੇ ਉਸ ਕਮਰੇ ਦੀ ਛੱਤ ਡਿੱਗੀ ਹੋਈ ਸੀ, ਜਿਸ ਵਿੱਚ ਗਗਨਦੀਪ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ ਤੇ ਉਨ੍ਹਾਂ ਦੇ ਬੱਚੇ ਗੁਰਕਮਲ ਸਿੰਘ ਉਰਫ਼ ਗੈਵੀ (3) ਅਤੇ ਇੱਕ ਲੜਕੀ ਸੁੱਤੇ ਪਏ ਸਨ। ਆਲੇ-ਦੁਆਲੇ ਦੇ ਲੋਕਾਂ ਨੇ ਮਲਬੇ ਹੇਠ ਦੱਬੇ ਜੀਆਂ ਨੂੰ ਬਾਹਰ ਕੱਢਿਆ। ਇਸ ਮੌਕੇ ਗੁਰਕਮਲ ਦੀ ਮੌਤ ਹੋ ਚੁੱਕੀ ਸੀ, ਜਦਕਿ ਉਸ ਦੇ ਜ਼ਖ਼ਮੀ ਮਾਤਾ-ਪਿਤਾ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦੋਵਾਂ ਦੀ ਮੌਤ ਹੋ ਗਈ। ਦੂਜੇ ਪਾਸੇ ਜ਼ਖ਼ਮੀ ਧੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਘਰਾਂ ਦੀਆਂ ਛੱਤਾਂ ਤੇ ਪਰਨਾਲੇ ਆਦਿ ਸਾਫ਼ ਕੀਤੇ ਜਾਣ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਸ਼ਹਿਰ ਵਿਚ ਵੱਖ ਵੱਖ ਥਾਈਂ ਛੇ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ।

Advertisement

ਤੀਜੇ ਦਨਿ ਮਿਲੀ ਪਾਣੀ ’ਚ ਡੁੱਬੇ ਨਿਗਮ ਮੁਲਾਜ਼ਮ ਦੀ ਲਾਸ਼
ਪਟਿਆਲਾ (ਸਰਬਜੀਤ ਸਿੰਘ ਭੰਗੂ): ਹੜ੍ਹਾਂ ਕਾਰਨ ਜ਼ਿਲ੍ਹਾ ਪਟਿਆਲਾ ਵਿੱਚ ਜਿੱਥੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ, ਉਥੇ ਹੀ ਦੋ ਮਨੁੱੱਖੀ ਜਿੰਦਾਂ ਵੀ ਇਸ ਹੜ੍ਹ ਦੀ ਭੇਟ ਚੜ੍ਹ ਗਈਆਂ ਹਨ। ਪਟਿਆਲਾ ਸ਼ਹਿਰ ਦੀ ਗੋਪਾਲ ਕਲੋਨੀ ਦਾ ਵਸਨੀਕ ਅਜੈ ਸਹੋਤਾ (34) ਬੀਤੀ 10 ਜੁਲਾਈ ਨੂੰ ਮੌਤ ਦੇ ਮੂੰਹ ’ਚ ਚਲਾ ਗਿਆ ਸੀ, ਪਰ ਉਸ ਦੀ ਲਾਸ਼ ਅੱਜ ਬਰਾਮਦ ਹੋ ਸਕੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੈ ਨਗਰ ਨਿਗਮ ਪਟਿਆਲਾ ਦਾ ਮੁਲਾਜ਼ਮ ਸੀ। ਉਹ 10 ਜੁਲਾਈ ਨੂੰ ਘਰੋਂ ਡਿਊਟੀ ’ਤੇ ਗਿਆ ਸੀ, ਪਰ ਦਫ਼ਤਰ ਨਾ ਪਹੁੰਚਿਆ। ਪਰਿਵਾਰ ਨੇ ਬਹੁਤ ਭਾਲ ਕੀਤੀ, ਪਰ ਅੱਜ ਪਟਿਆਲਾ ਨਦੀ ’ਚ ਪਾਣੀ ਘਟਣ ਮਗਰੋਂ ਉਸ ਦੀ ਲਾਸ਼ ਮਿਲੀ ਹੈ। ਇਸ ਮੌਕੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੁਨੀਲ ਬਾਲਕੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਕੋਹਲੀ, ਐੱਮਪੀ ਪਰਨੀਤ ਕੌਰ, ਸਾਬਕਾ ਚੇਅਰਮੈਨ ਇੰਦਰਮੋਹਣ ਬਜਾਜ ਤੇ ਹੋਰਨਾਂ ਨੇ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisement
Tags :
Author Image

sukhwinder singh

View all posts

Advertisement
Advertisement
×