For the best experience, open
https://m.punjabitribuneonline.com
on your mobile browser.
Advertisement

ਤਿੰਨ ਸਦੀਆਂ ਪੁਰਾਣਾ ਪਿੰਡ ਭਾਈ ਕੀ ਪਸ਼ੌਰ

11:38 AM Dec 17, 2023 IST
ਤਿੰਨ ਸਦੀਆਂ ਪੁਰਾਣਾ ਪਿੰਡ ਭਾਈ ਕੀ ਪਸ਼ੌਰ
ਪਿੰਡ ਦਾ ਸੁਆਗਤੀ ਗੇਟ। ਫ਼ੋਟੋਆਂ: ਲੇਖਕ
Advertisement

ਜੀਤ ਸਿੰਘ ਜੋਸ਼ੀ

ਤੀਜੀ ਸ਼ਤਾਬਦੀ

ਪਸ਼ੌਰ ਭਾਈ ਕੇ ਜ਼ਿਲ੍ਹਾ ਸੰਗਰੂਰ ਦਾ ਇਤਿਹਾਸਕ ਪਿਛੋਕੜ ਵਾਲਾ ਪਿੰਡ ਹੈ। ਇਸ ਦੀ ਸਥਾਪਨਾ 1723 ਈ ਵਿਚ ਬ੍ਰਾਹਮਣ ਗੰਗਾ ਰਾਮ ਦੇ ਵੱਡੇ ਸਪੁੱਤਰ ਬਾਬਾ ਨੰਦ ਸਾਹਿਬ ਨੇ ਮਹਾਰਾਜਾ ਆਲਾ ਸਿੰਘ ਦੇ ਸਹਿਯੋਗ ਨਾਲ ਕੀਤੀ। ਇਹ ਵਰ੍ਹਾ ਭਾਵ 2023 ਪਿੰਡ ਦੀ ਸਥਾਪਨਾ ਦੀ ਤੀਸਰੀ ਸ਼ਤਾਬਦੀ ਦਾ ਵਰ੍ਹਾ ਹੈ। ਅੱਜ ਪਿੰਡ ਦੇ ਸਮੂਹ ਵਾਸੀਆਂ ਵੱਲੋਂ ਸਥਾਪਨਾ ਵਰ੍ਹਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮੇਂ ਨਗਰ ਦੀ ਸਥਾਪਨਾ ਕਰਨ ਵਾਲੇ ਮਹਾਂਪੁਰਸ਼ ਬਾਬਾ ਨੰਦ ਸਾਹਿਬ ਦੇ ਅਸਥਾਨ ਦੀ ਨਗਰ ਖੇੜੇ ਦੇ ਰੂਪ ਵਿਚ ਪੂਜਾ ਕੀਤੀ ਜਾ ਰਹੀ ਹੈ। ਪੁਰਾਤਨ ਸਮੇਂ ਵਿਚ ਖੇੜਾ ਹੀ ਮਾਨਵੀ ਆਸਥਾ ਦਾ ਇਕੋ-ਇਕ ਕੇਂਦਰ ਬਿੰਦੂ ਹੋਇਆ ਕਰਦਾ ਸੀ।

Advertisement

ਪਿੰਡ ਦੀ ਮੋਹੜੀ ਗੱਡਣ ਵਾਲੇ ਭਾਈ ਨੰਦ ਸਾਹਿਬ।

ਪਸ਼ੌਰ ਪਿੰਡ ਦਾ ਨਿਰਮਾਣ ਕਰਨ ਵਾਲੇ ਬਾਬਾ ਨੰਦ ਸਾਹਿਬ ਦੇ ਪਿਤਾ ਬ੍ਰਾਹਮਣ ਗੰਗਾ ਰਾਮ ਬਠਿੰਡੇ ਦੇ ਰਹਿਣ ਵਾਲੇ ਅਨਾਜ ਦੇ ਵਪਾਰੀ ਸਨ। ਭਾਈ ਸੰਤੋਖ ਸਿੰਘ ਦੇ ਗਰੰਥ ਸ੍ਰੀ ਸੂਰਜ ਪਰਕਾਸ਼ ਦੀ ਛੇਵੀਂ ਜਿਲਦ (ਪੰਨਾ 1839 ਤੋਂ 1856) ਅਨੁਸਾਰ ‘‘ਬ੍ਰਾਹਮਣ ਗੰਗਾ ਰਾਮ ਨੇ ਸ੍ਰੀ ਅੰਮ੍ਰਿਤ ਸਰੋਵਰ (ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ) ਵਿਖੇ ਪੰਜ ਸੌ ਮਣ ਬਾਜਰੇ ਦਾ ਅੰਨ ਲੰਗਰ ਲਈ ਦਾਨ ਕਰਕੇ, ਗੁਰੂ ਘਰ ਤੋਂ ਵੱਡੀਆਂ ਬਖਸ਼ਿਸ਼ਾਂ ਪਰਾਪਤ ਕੀਤੀਆਂ ਸਨ।’’ (ਭਯੋ ਸਿੱਧ, ਸਤਿਗੁਰ ਕੇ ਜੋਰ) ਗੰਗਾ ਰਾਮ ਵੱਲੋਂ ਸੇਵਾ ਅਤੇ ਸਿਮਰਨ ਸਦਕਾ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਅਤੇ ਉਸ ਦੇ ਪਾਰਗਰਾਮੀ ਹੋਣ ਦੀ ਗੱਲ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਅਤੇ ਭਾਈ ਵੀਰ ਸਿੰਘ ਦੀ ਰਚਨਾ ‘ਅਸ਼ਟ ਗੁਰੂ ਚਮਤਕਾਰ’ ਵਿਚ ਵੀ ਮਿਲਦੀ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬ੍ਰਾਹਮਣ ਗੰਗਾ ਰਾਮ ਜੀ ਦੇ ਪਰਸਪਰ ਨਿਸ਼ਕਾਮ ਭਾਵੀ ਪ੍ਰੇਮ ਦਾ ਹਵਾਲਾ ਅੰਗਰੇਜ਼ ਇਤਿਹਾਸਕਾਰ ਮੈਕਾਲਿਫ ਦੀ ਰਚਨਾ ‘ਦਿ ਸਿੱਖ ਰਿਲੀਜਨ ਭਾਗ ਤੀਜਾ’ ਵਿਚ ਵੀ ਦਰਜ ਹੋਇਆ ਮਿਲਦਾ ਹੈ। ਮੈਕਾਲਿਫ ਅਨੁਸਾਰ ‘‘The Guru who was naturally pleased to meet such a disinterested friend, commended and blessed him.’’ ਆਪਣੀ ਨਿਸ਼ਕਾਮ ਸੇਵਾ ਅਤੇ ਸਿਮਰਨ ਦੀ ਲਗਨ ਕਾਰਨ ਬ੍ਰਾਹਮਣ ਗੰਗਾ ਰਾਮ, ਗੁਰੂ ਸਾਹਿਬ ਅਤੇ ਸਿੱਖ ਸੰਗਤ ਲਈ ‘ਭਾਈ ਗੰਗਾ ਰਾਮ’ ਬਣ ਗਿਆ ਸੀ ਅਤੇ ਉਸ ਦੀ ਸੰਤਾਨ ਨੂੰ ‘ਭਾਈ ਕੇ’ ਕਿਹਾ ਜਾਣ ਲੱਗ ਪਿਆ ਸੀ।
ਬ੍ਰਾਹਮਣ ਗੰਗਾ ਰਾਮ ਦੀ ਸੰਤਾਨ ਕੱਟੜ ਬ੍ਰਾਹਮਣੀ ਕਰਮਕਾਂਡ ਤੋਂ ਮੁਕਤ ਰਹੀ ਹੈ ਅਤੇ ਆਪਣੇ ਨਾਮ ਨਾਲ ਸਿੰਘ ਸ਼ਬਦ ਦਾ ਪ੍ਰਯੋਗ ਕਰਦੀ ਹੈ। ਸਿੰਘ ਅਤੇ ਜੋਸ਼ੀ ਦਾ ਖ਼ੂਬਸੂਰਤ ਸੁਮੇਲ ਹੀ ਭਾਈ ਕੇ ਪਸ਼ੌਰ ਦੇ ਬ੍ਰਾਹਮਣਾਂ ਦੀ ਵਿਲੱਖਣ ਪਛਾਣ ਰਹੀ ਹੈ। ਇਹ ਪਰਿਵਾਰ 1684 ਈ. ਦੇ ਭਿਆਨਕ ਸੋਕੇ ਸਮੇਂ ਬਠਿੰਡੇ ਤੋਂ ਸੁਨਾਮ ਆ ਕੇ ਵਸ ਗਿਆ ਸੀ।
ਇਸ ਪਰਿਵਾਰ ਦਾ ਸਰਪ੍ਰਸਤ ਮਾਲਵੇ ਦੇ ਮਹਾਨ ਦਰਵੇਸ਼ ਭਾਈ ਮੂਲ ਚੰਦ ਜੀ ਨੂੰ ਮੰਨਿਆ ਜਾਂਦਾ ਹੈ ਜਿਸ ਦਾ ਜਨਮ ਬ੍ਰਾਹਮਣ ਗੰਗਾਰਾਮ ਦੇ ਆਸ਼ੀਰਵਾਦ ਨਾਲ 1648 ਈ. ਵਿਚ ਬਠਿੰਡੇ ਦੇ ਦੁੱਗਲ ਖੱਤਰੀ ਪਰਿਵਾਰ ਵਿਚ ਹੋਇਆ ਸੀ। ਪਟਿਆਲਾ ਰਾਜ ਘਰਾਣੇ ਵਿਚ ਇਸ ਦੀ ਬਹੁਤ ਮਾਨਤਾ ਹੋਇਆ ਕਰਦੀ ਸੀ। ਇਸ ਦਾ ਸ਼ਾਨਦਾਰ ਦੇਹੁਰਾ ਸੁਨਾਮ ਵਿਖੇ ਬਣਿਆ ਹੋਇਆ ਹੈ। ਮਾਲਵੇ ਖੇਤਰ ਵਿਚ ਇਸ ਇਲਾਹੀ ਦਰਵੇਸ਼ ਦੀ ਰੂਹਾਨੀਅਤ ਦਾ ਸਿੱਕਾ ਚੋਟੀ ਦੇ ਇਤਿਹਾਸਕਾਰ ਅਤੇ ਉਸ ਸਮੇਂ ਦੇ ਵੱਡੇ ਵੱਡੇ ਪਹੁੰਚੇ ਹੋਏ ਸਾਧੂ ਮਹਾਤਮਾ ਅਤੇ ਪੀਰ ਫ਼ਕੀਰ ਵੀ ਮੰਨਦੇ ਸਨ।
ਭਾਈ ਮੂਲ ਚੰਦ ਜੀ ਅਕਸਰ ਇਲਾਕੇ ਦੇ ਲੋਕਾਂ ਵਿਚ ਵਿਚਰਦੇ ਰਹਿੰਦੇ ਸਨ। ਉਨ੍ਹਾਂ ਦਿਨਾਂ ਵਿਚ ਉਹ ਮਾਲਵੇ ਖੇਤਰ ਦੇ ਇਕ ਵੱਡੇ ਪਿੰਡ ਛਾਜਲੀ ਦਾ ਨਿਰਮਾਣ ਕਰ ਰਹੇ ਸਨ ਅਤੇ ਉੱਥੇ ਹੀ ਠਹਿਰੇ ਹੋਏ ਸਨ। ਇਕ ਵਾਰ ਬ੍ਰਾਹਮਣ ਗੰਗਾ ਦੇ ਵੱਡੇ ਸਪੁੱਤਰ ਨੰਦ ਸਾਹਿਬ ਉਨ੍ਹਾਂ ਪਾਸ ਛਾਜਲੀ ਆਏ ਹੋਏ ਸਨ। ਇਸ ਸਮੇਂ ਉਨ੍ਹਾਂ ਦੀ ਸੇਵਾ ਸੰਭਾਲ ਨਾਈ ਭਾਈਚਾਰੇ ਵਿਚ ਪੈਦਾ ਹੋਇਆ ਛੱਜੂ ਨਾਮੀ ਸੇਵਕ ਕਰਿਆ ਕਰਦਾ ਸੀ। ਉਸ ਦੀ ਸੇਵਾ ਤੋਂ ਖ਼ੁਸ਼ ਹੋ ਕੇ ਭਾਈ ਮੂਲ ਚੰਦ ਸਾਹਿਬ ਨੇ ਇਸ ਪਿੰਡ ਦਾ ਨਾਮ ਛੱਜੂ ਆਲੀ ਰੱਖ ਦਿੱਤਾ ਸੀ ਜੋ ਬੋਲਚਾਲ ਦੌਰਾਨ ਛਾਜਲੀ ਬਣ ਗਿਆ ਹੈ।
ਛਾਜਲੀ ਰਹਿੰਦਿਆਂ ਨੰਦ ਸਾਹਿਬ ਕੁਝ ਉਪਰਾਮ ਜਿਹੇ ਰਹਿਣ ਲੱਗ ਪਏ ਸਨ। ਇਕ ਦਿਨ ਛੱਜੂ ਨੇ ਪਿਆਰ ਨਾਲ ਪੁੱਛਿਆ, ‘‘ਬਾਬਿਓ! ਕੁਝ ਪਰੇਸ਼ਾਨ ਦਿਸਦੇ ਹੋ?’’ ਨੰਦ ਸਾਹਿਬ ਨੇ ਕਿਹਾ, ‘‘ਹਾਂ, ਛੱਜੂ, ਮਨ ਉਚਾਟ ਜਿਹਾ ਹੋ ਗਿਐ! ਕਿਧਰੇ ਹੋਰ ਜਾਣ ਨੂੰ ਦਿਲ ਕਰਦੈ।’’ ਛੱਜੂ ਨੇ ਹਾਸੇ ਵਿਚ ਆਖ ਦਿੱਤਾ, ‘‘ਹੋਰ ਜਾਣ ਨੂੰ ਤੁਸੀਂ, ਇੱਥੇ ਕਿਤੇ ਪਸ਼ੌਰ ਲੱਭਦੇ ਓ!’’ (ਉਨ੍ਹਾਂ ਦਿਨਾਂ ਵਿਚ ਪਾਕਿਸਤਾਨ ਦੇ ਇਲਾਕੇ ਵਾਲਾ ਪਸ਼ੌਰ, ਜਮਰੌਦ ਮਸ਼ਹੂਰ ਹੋਇਆ ਕਰਦੇ ਸਨ) ‘‘ਹਾਂ, ਛੱਜੂ, ਪਸ਼ੌਰ ਹੀ ਲੱਭਦਾ ਹਾਂ। ਗੁਰੂ ਕਿਰਪਾ ਨਾਲ ਪਸ਼ੌਰ ਵੀ ਲੱਭ ਪਵੇਗਾ।’’ ਨੰਦ ਸਾਹਿਬ ਨੇ ਛਾਜਲੀ ਤੋਂ ਛੇ ਕਿਲੋਮੀਟਰ ਦੂਰ ਚੜ੍ਹਦੇ ਵੱਲ ਇਕ ਪਿੰਡ ਦੀ ਮੋਹੜੀ ਗੱਡ ਦਿੱਤੀ ਤੇ ਕਿਹਾ, ‘‘ਇਹ ਸਾਡਾ ਪਸ਼ੌਰ ਹੈ।’’ ਬਾਅਦ ਵਿਚ ਇਹ ਪਿੰਡ ਪਸ਼ੌਰ, ਭਾਈ ਕੇ ਦੇ ਨਾਮ ਨਾਲ ਪ੍ਰਸਿੱਧ ਹੋਇਆ ਹੈ ਜਿਸ ਨੇ ਵਿਦਿਅਕ, ਸਿਹਤ ਅਤੇ ਜੁਡੀਸ਼ਰੀ ਦੇ ਖੇਤਰ ਵਿਚ ਵੱਡੀ ਸ਼ੁਹਰਤ ਪ੍ਰਾਪਤ ਕੀਤੀ ਹੈ।
ਬਾਬਾ ਨੰਦ ਸਾਹਿਬ ਦੇ ਚਾਰ ਸਪੁੱਤਰ ਸਨ। ਦੌਲਤ ਰਾਮ, ਮਨਸਾ ਸਿੰਘ, ਸੀਤਲ ਸਿੰਘ ਅਤੇ ਮੱਜੀ ਸਿੰਘ। ਇਨ੍ਹਾਂ ਚਾਰੇ ਭਰਾਵਾਂ ਦੀ ਸੰਤਾਨ ਨੂੰ ਇਸ ਪਿੰਡ ਦੇ ਪਹਿਲੇ ਬਾਸ਼ਿੰਦੇ ਹੋਣ ਦਾ ਮਾਣ ਪ੍ਰਾਪਤ ਹੈ। ਇਹ ਸੰਤਾਨ ਆਪਣੇ ਆਪਣੇ ਵਡੇਰੇ ਦੇ ਨਾਮ ’ਤੇ ਚਾਰ ਪੱਤੀਆਂ ਵਿਚ ਵੰਡੀ ਹੋਈ ਹੈ ਤੇ ਇਨ੍ਹਾਂ ਪੱਤੀਆਂ ਦੇ ਨਾਮ ਨਾਲ ਹੀ ਆਪਣੀ ਪਛਾਣ ਰੱਖਦੀ ਹੈ। ਸ਼ੁਰੂ ਵਿਚ ਸਮੁੱਚੇ ਪਿੰਡ ਦੀ ਜ਼ਮੀਨ ਦੀ ਮਲਕੀਅਤ ਜੋਸ਼ੀ ਪਰਿਵਾਰ ਦੀ ਹੋਇਆ ਕਰਦੀ ਸੀ ਪਰ ਜਿਉਂ ਜਿਉਂ ਹੋਰ ਕਾਸ਼ਤਕਾਰ, ਪਰਿਵਾਰ, ਕਾਰੀਗਰ, ਵਣਜ ਵਪਾਰ ਅਤੇ ਸੇਪ ਕਰਨ ਵਾਲੇ ਪਰਿਵਾਰ ਇਸ ਨਗਰ ਵਿਚ ਆ ਕੇ ਵਸਦੇ ਗਏ, ਜ਼ਮੀਨ ਲੋੜਵੰਦ ਕਾਸ਼ਤਕਾਰ ਪਰਿਵਾਰਾਂ ਵਿਚ ਤਕਸੀਮ ਹੁੰਦੀ ਗਈ। ਇਸ ਵੇਲੇ ਸਥਿਤੀ ਇਹ ਹੈ ਕਿ ਜੋਸ਼ੀ ਪਰਿਵਾਰ ਕੋਲ ਕੇਵਲ ਇਕ ਪੱਤੀ (ਇਕ ਪਾਸੇ) ਦੀ ਜ਼ਮੀਨ ਦੀ ਮਲਕੀਅਤ ਹੀ ਬਾਕੀ ਰਹਿ ਗਈ ਹੈ। ਬਾਕੀ ਤਿੰਨ ਪਾਸੇ ਦੀ ਜ਼ਮੀਨ ਦੂਸਰੇ ਕਾਸ਼ਤਕਾਰ ਪਰਿਵਾਰਾਂ ਵਿਚ ਤਕਸੀਮ ਹੋ ਚੁੱਕੀ ਹੈ।
ਪਿੰਡ ਭਾਈ ਕੇ ਪਸ਼ੌਰ ਨੇ ਵਿਦਿਅਕ ਖੇਤਰ ਵਿਚ ਵਡੇਰੀਆਂ ਮੱਲਾਂ ਮਾਰੀਆਂ ਹਨ। ਅੱਜ ਵੀ ਇਹ ਜ਼ਿਲ੍ਹਾ ਸੰਗਰੂਰ ਦਾ ਸਭ ਤੋਂ ਵੱਧ ਪੜ੍ਹਿਆਂ ਲਿਖਿਆਂ ਦਾ ਪਿੰਡ ਮੰਨਿਆ ਜਾਂਦਾ ਹੈ। ਇਸ ਪਿੰਡ ਨੂੰ ਅਦਬ ਨਾਲ ‘ਬਾਬੇ ਕੀ ਨਗਰੀ’ ਜਾਂ ‘ਮਾਫੀਦਾਰਾਂ ਦਾ ਪਿੰਡ’ ਵਰਗੇ ਅਨੇਕਾਂ ਵਿਸ਼ੇਸ਼ਣਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਅੱਜ ਇਹ ਨਗਰ ਆਪਣੀਆਂ ਸ਼ਾਨਦਾਰ ਭਾਈਚਾਰਕ ਅਤੇ ਸੱਭਿਆਚਾਰਕ ਰਵਾਇਤਾਂ ਦੀ ਪਾਲਣਾ ਕਰਦਾ ਹੋਇਆ ਆਪਣੇ ਨਗਰ ਦਾ 300 ਸਾਲਾ ਸਥਾਪਨਾ ਸਮਾਗਮ ਮਨਾ ਰਿਹਾ ਹੈ। ਪਿੰਡ ਦੇ ਸਰਬਪੱਖੀ ਵਿਕਾਸ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਖੇੜਾ ਦੇਵਤਾ ਦੀ ਉਸਤਤਿ ਅਰਾਧਨਾ ਕਰਦਿਆਂ ਇਕ ਸਾਂਝੀ ਸੁਰ ਵਿਚ ਉਚਾਰ ਰਿਹਾ ਹੈ:
ਧੰਨ ਬਾਬਾ ਨੰਦ ਸਿੰਘਾ, ਸਿਜਦਾ, ਸਲਾਮ ਹੈ ਜੀ,
ਸੂਰਤ ਪਿਆਰੀ ਤੇਰੀ, ਰਿਸ਼ੀਆਂ ਸਮਾਨ ਹੈ।
ਬਾਬਾ ਗੰਗਾ ਰਾਮ ਜੀ ਦੇ ਜੇਠੇ ਪੁੱਤਾ ਬੰਦਨਾ ਹੈ
ਤੇਰਾ ਬਾਲ ਬੱਚਾ ਤੈਨੂੰ, ਕਰੇ ਪ੍ਰਣਾਮ ਹੈ।
ਦੌਲਤ ਰਾਮ, ਸੀਤਲ ਸਿੰਘ, ਤੇਰੀ ਸੰਤਾਨ ਜਿਹੜੀ,
ਮਨਸਾ ਸਿੰਘ, ਮੱਜੀ ਸਿੰਘ, ਸਾਰਿਆਂ ਦੀ ਸ਼ਾਨ ਹੈ।
ਸਤਾਰਾਂ ਸੌ ਤੇਈ ਵਿਚ ਗੱਡੀ ਸੀ ਤੂੰ ਮੋਹੜੀ ਜਿਹੜੀ,
‘ਭਾਈ ਕੀ ਪਸ਼ੌਰ’ ਓਸ ਨਗਰ ਦਾ ਨਾਮ ਹੈ।
ਨਗਰ ਦੀ ਸ਼ਾਨ ਰਹੇ, ਉੱਚਾ ਏਹਦਾ ਨਾਮ ਰਹੇ
ਵਸਦਾ ਅਵਾਮ ਰਹੇ, ਵਾਸੀ ਜੋ ਤਮਾਮ ਹੈ।
ਸਦਾ ਸੁਖੀ ਰਹੇ, ਤੇਰੀ ਸ਼ਰਨ ਵਿਚ ਆਏ ਜਿਹੜਾ
ਏਸੇ ਗੱਲ ਵਿਚ, ‘ਖੇੜਾ ਦੇਵਤਾ’ ਦੀ ਸ਼ਾਨ ਹੈ।

* ਸਾਬਕਾ ਪ੍ਰੋਫੈਸਰ, ਪੰਜਾਬੀ ਯੂਨੀਵਰਸਟੀ ਰਿਜਨਲ ਸੈਂਟਰ, ਬਠਿੰਡਾ।
ਸੰਪਰਕ: +91-94179-27136

Advertisement
Author Image

sukhwinder singh

View all posts

Advertisement
Advertisement
×