ਫਿਰੌਤੀ ਮੰਗਣ ਦੇ ਤਿੰਨ ਕੇਸ ਦਰਜ
ਗੁਰਬਖਸ਼ਪੁਰੀ
ਤਰਨ ਤਾਰਨ, 5 ਜਨਵਰੀ
ਪੁਲੀਸ ਨੇ ਪਹਿਲੇ ਚਾਰ ਦਿਨਾਂ ’ਚ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗਣ ਦੇ ਤਿੰਨ ਕੇਸ ਦਰਜ ਕੀਤੇ ਹਨ| ਇਲਾਕੇ ਦੇ ਪਿੰਡ ਬੂਹ ਦੇ ਵਾਸੀ ਇਕ ਕਿਸਾਨ-ਕਾਰੋਬਾਰੀ ਤੋਂ ਕਰੀਬ ਹਫ਼ਤਾ ਪਹਿਲਾਂ ਗੈਂਗਸਟਰ ਪ੍ਰਭ ਦਾਸੂਵਾਲ ਵੱਲੋਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ। ਇਸ ’ਤੇ ਹਰੀਕੇ ਪੁਲੀਸ ਨੇ ਬੀਤੇ ਦਿਨੀਂ ਕੇਸ ਦਰਜ ਕੀਤਾ ਹੈ| ਕਿਸਾਨ ਹੋਣ ਦੇ ਨਾਲ ਆੜ੍ਹਤ ਦਾ ਕੰਮ ਕਰਦੇ ਪੀੜਤ ਰਾਜਬੀਰ ਸਿੰਘ ਵਾਸੀ ਬੂਹ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ 28 ਦਸੰਬਰ ਨੂੰ ਵਿਦੇਸ਼ੀ ਨੰਬਰ ਤੋਂ ਆਏ ਫੋਨ ਰਾਹੀਂ ਗੈਂਗਸਟਰ ਪ੍ਰਭ ਦਾਸੂਵਾਲ ਨੇ ਉਸ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ| ਫੋਨ ਕਰਨ ਵਾਲੇ ਨੇ ਪੈਸੇ ਨਾ ਦੇਣ ’ਤੇ ਉਸ ਨੂੰ ਇਲਾਕਾ ਵਾਸੀ ਰਾਜ ਤਲਵੰਡੀ ਵਾਂਗ ਮਾਰ ਦੇਣ ਦੀ ਚਿਤਾਵਨੀ ਦਿੱਤੀ| ਫੋਨ ਕਰਨ ਵਾਲੇ ਨੇ ਉਸ ਦੇ ਭਰਾ, ਭਤੀਜੇ ਅਤੇ ਉਸ ਦੀ ਗੱਡੀ ਦੀਆਂ ਫੋਟੋਆਂ ਵੀ ਉਸ ਨੂੰ ਭੇਜ ਕੇ ਕਿਹਾ ਕਿ ਉਹ ਉਸ ਦੇ ਪਰਿਵਾਰ ਦੇ ਜੀਆਂ ਦੀ ਨਿੱਜੀ ਜਾਣਕਾਰੀ ਰੱਖਦਾ ਹੈ।
ਮਾਮਲੇ ਦੀ ਅਗਲੇਰੀ ਜਾਂਚ ਕਰਦੇ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਢਲੀ ਜਾਂਚ ਐੱਸਪੀ (ਇਨਵੈਸਟੀਗੇਸ਼ਨ) ਅਜੈਰਾਜ ਸਿੰਘ ਨੇ ਕੀਤੀ। ਜਾਂਚ ਮਗਰੋਂ ਬੀਐੱਨਐੱਸ ਦੀ ਥਾਰਾ 308 (1), 308 (2) ਅਤੇ 308 (3) ਅਧੀਨ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਇਸ ਸਬੰਧੀ ਪਹਿਲੀ ਅਤੇ ਦੋ ਜਨਵਰੀ ਨੂੰ ਵੀ ਅਜਿਹੇ ਕੇਸ ਦਰਜ ਹੋ ਚੁੱਕੇ ਹਨ। ਇਨ੍ਹਾਂ ਕੇਸਾਂ ਵਿੱਚ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਲਖਬੀਰ ਉਰਫ਼ ਲੰਡਾ ਵੱਲੋਂ ਫਿਰੌਤੀ ਮੰਗੀ ਗਈ ਸੀ।