ਗੈਂਗਸਟਰ ਲਖਬੀਰ ਲੰਡਾ ਦੇ ਤਿੰਨ ਸਾਥੀ ਕਾਬੂ
ਹਤਿੰਦਰ ਮਹਿਤਾ
ਜਲੰਧਰ, 25 ਫਰਵਰੀ
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਅੱਜ ਇੱਕ ਮੁਹਿੰਮ ਦੌਰਾਨ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 17 ਹਥਿਆਰ ਅਤੇ 33 ਮੈਗਜ਼ੀਨ ਵੀ ਬਰਾਮਦ ਕੀਤੇ ਹਨ। ਇਨ੍ਹਾਂ ਹਥਿਆਰਾਂ ਵਿੱਚ .32 ਬੋਰ ਦੇ 12 ਪਿਸਤੌਲ, 5.34 ਬੋਰ ਦੇ ਪੰਜ ਪਿਸਤੌਲ, 33 ਮੈਗਜ਼ੀਨ ਤੇ 20 ਕਾਰਤੂਸ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਲਖਬੀਰ ਲੰਡਾ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਦਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਨੇ ਪਿਛਲੇ ਸੱਤ ਦਿਨਾਂ ਤੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਹੋਇਆ ਸੀ ਜਿਸ ਤਹਿਤ ਅੱਜ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੁਨਾਲ, ਗੁਰਲਾਲ ਤੇ ਪਰਵੇਜ਼ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਕੁਨਾਲ ਫਿਰੋਜ਼ਪੁਰ ਦਾ ਵਸਨੀਕ ਹੈ ਤੇ ਉਸ ਖ਼ਿਲਾਫ਼ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ ਸੱਤ ਕੇਸ ਪਹਿਲਾਂ ਹੀ ਦਰਜ ਹਨ। ਇਸ ਤੋਂ ਬਿਨਾਂ ਗੁਰਲਾਲ ਤੇ ਪਰਵੇਜ਼ ਪੱਟੀ ਦੇ ਵਸਨੀਕ ਤੇ ਚਚੇਰੇ ਭਰਾ ਹਨ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਨਾਲ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਹਥਿਆਰਾਂ ਦੀ ਸਪਲਾਈ ਕਰਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਗੁਰਲਾਲ ਦਾ ਭਰਾ ਸ਼ਰਨਜੀਤ ਇਸ ਵੇਲੇ ਜੇਲ ’ਚ ਬੰਦ ਹੈ, ਜਿਸ ਦੀ ਅਮਰੀਕਾ ਰਹਿੰਦੇ ਗੈਂਗਸਟਰਾਂ ਗੁਰਦੇਵ ਗਿੱਲ ਅਤੇ ਲਖਬੀਰ ਸਿੰਘ ਲੰਡਾ ਨਾਲ ਨੇੜਤਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਲੰਡਾ ਅਤੇ ਗਿੱਲ ਵੱਲੋਂ ਇੰਦੌਰ ਤੋਂ ਹਵਾਲਾ ਰਾਹੀਂ ਕੁਨਾਲ ਨੂੰ ਹਥਿਆਰ ਤੇ ਅਸਲਾ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਹਥਿਆਰ ਬਰਾਮਦ ਕੀਤੇ ਹਨ, ਜੋ ਮੋਗਾ, ਫਿਰੋਜ਼ਪੁਰ ਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਲੰਡਾ ਦੇ ਸਾਥੀਆਂ ਨੂੰ ਸਪਲਾਈ ਕੀਤੇ ਜਾਣੇ ਸਨ।