ਚੋਰੀ ਦੇ ਮੋਟਰਸਾਈਕਲ ਤੇ ਮੋਬਾਈਲ ਸਣੇ ਤਿੰਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਅਕਤੂਬਰ
ਥਾਣਾ ਜਮਾਲਪੁਰ ਦੀ ਪੁਲੀਸ ਨੇ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲਾਂ ਸਮੇਤ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਨ੍ਹਾਂ ਦੇ ਇੱਕ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਏਸੀਪੀ ਡਿਟੈਕਟਿਵ ਪਵਨਜੀਤ ਨੇ ਦੱਸਿਆ ਕਿ ਸੀਆਈਏ ਦੇ ਇੰਚਾਰਜ ਰਾਜੇਸ਼ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਥਾਣੇਦਾਰ ਸੇਠੀ ਕੁਮਾਰ ਦੀ ਅਗਵਾਈ ਹੇਠ ਪੁਲੀਸ ਨੇ ਗੁਰਕੀਰਤ ਸਿੰਘ, ਅੰਗਦ ਕੁਮਾਰ ਅਤੇ ਰਿੰਕੂ ਕੁਮਾਰ ਉਰਫ਼ ਰਿੰਕੂ ਨੂੰ ਚੈਕਿੰਗ ਦੌਰਾਨ ਸੂਆ ਪੁਲੀ ਪਿੰਡ ਖਾਸੀ ਕਲਾਂ ਕੱਕਾ ਧੌਲਾ ਰੋਡ ਤੋਂ ਚੋਰੀ ਦੇ ਮੋਟਰਸਾਈਕਲ ’ਤੇ ਆਉਂਦਿਆਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਤੇਜ਼ਧਾਰ ਹਥਿਆਰ ਦਿਖਾ ਕੇ ਰਾਹਗੀਰਾਂ ਨੂੰ ਲੁੱਟਦੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਪਾਸੋਂ ਇੱਕ ਦਾਤ, ਪੰਜ ਮੋਬਾਈਲ ਵੱਖ-ਵੱਖ ਮਾਰਕਾ, ਇੱਕ ਲੈਪਟਾਪ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਇੱਕ ਸਾਥੀ ਬਿੱਲਾ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਗਰੋਹ ਲੁੱਟੇ ਜਾਂਦੇ ਮੋਬਾਈਲ ਰਿੰਕੂ ਕੁਮਾਰ ਉਰਫ਼ ਰਿੰਕੂ ਨੂੰ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਬਰਾਮਦ ਲੈਪਟਾਪ ਇਨ੍ਹਾਂ ਨੇ ਕੁੱਝ ਦਿਨ ਪਹਿਲਾਂ ਸਮਰਾਲਾ ਚੌਕ ਵਿੱਚ ਇੱਕ ਰਾਹਗੀਰ ਤੋਂ ਲੁੱਟਿਆ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਗੁਰਕੀਰਤ ਸਿੰਘ ਬਾਊਂਸਰ ਹੈ ਜਦਕਿ ਅੰਗਦ ਕੁਮਾਰ ਏਸੀ ਰਿਪੇਅਰ ਦਾ ਕੰਮ ਕਰਦਾ ਹੈ ਅਤੇ ਰਿੰਕੂ ਕਾਰੀਗਰ ਹੈ।