ਨਾਜਾਇਜ਼ ਪਿਸਤੌਲਾਂ ਤੇ ਕਾਰਤੂਸਾਂ ਸਣੇ ਤਿੰਨ ਕਾਬੂ
ਪੱਤਰ ਪ੍ਰੇਰਕ
ਮਾਨਸਾ, 4 ਨਵੰਬਰ
ਮਾਨਸਾ ਪੁਲੀਸ ਨੇ ਤਿੰਨ ਵਿਅਕਤੀਆਂ ਪਾਸੋਂ ਤਿੰਨ ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਸੀਨੀਅਰ ਕਪਤਾਨ ਪੁਲੀਸ ਡਾ. ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਐੱਸ.ਪੀ. (ਇਨਵੈਸਟੀਗੇਸ਼ਨ) ਮਨਮੋਹਨ ਸਿੰਘ ਔਲਖ ਦੀ ਨਿਗਰਾਨੀ ਹੇਠ ਡੀਐੱਸਪੀ (ਡੀ) ਜਸਵਿੰਦਰ ਸਿੰਘ ਅਤੇ ਸੀਆਈਏ ਇੰਚਾਰਜ ਜਗਦੀਸ਼ ਕੁਮਾਰ ਵੱਲੋਂ ਪੁਲੀਸ ਟੀਮ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਮਾਨਸਾ ਵਿੱਚ ਸ਼ੱਕੀ ਵਿਅਕਤੀ ਅਤੇ ਵੱਖ-ਵੱਖ ਥਾਵਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਪਿੰਡ ਖਿਆਲਾ ਕਲਾਂ ਤੋਂ ਸੁਰਿੰਦਰ ਸਿੰਘ ਉਰਫ ਬੱਬੂ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ 32 ਬੋਰ ਅਤੇ ਇੱਕ ਰੌਂਦ 32 ਬੋਰ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਜਸਵਿੰਦਰ ਸਿੰਘ ਉਰਫ਼ ਜੋਤੀ ਵਾਸੀ ਪਿੰਡ ਭੁਪਾਲ ਕਲਾਂ ਦੇ ਕਬਜ਼ੇ ’ਚੋਂ ਇੱਕ ਦੇਸੀ ਪਿਸਤੌਲ 32 ਬੋਰ ਅਤੇ ਇੱਕ ਰੌਂਦ 32 ਬੋਰ ਦੀ ਬਰਾਮਦਗੀ ਕੀਤੀ ਗਈ ਅਤੇ ਹਰਪ੍ਰੀਤ ਸਿੰਘ ਉਰਫ਼ ਗਗਨ ਨੂੰ ਇੱਕ ਦੇਸੀ ਪਿਸਤੌਲ 32 ਬੋਰ ਅਤੇ ਇੱਕ ਰੌਂਦ 32 ਬੋਰ ਸਣੇ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਖਿਲਾਫ਼ ਅਧੀਨ ਧਾਰਾ 25/54/59 ਆਰਮਜ਼ ਐਕਟ ਤਹਿਤ ਥਾਣਾ ਸਦਰ ਮਾਨਸਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।