ਨਾਜਾਇਜ਼ ਸ਼ਰਾਬ ਸਣੇ ਤਿੰਨ ਕਾਬੂ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 22 ਅਕਤੂਬਰ
ਜ਼ਿਲ੍ਹਾ ਪੁਲੀਸ ਮੁਖੀ ਆਸਥਾ ਮੋਦੀ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਬ੍ਰਾਹਮਣਵਾਲਾ ਪੁਲੀਸ ਚੌਕੀ ਦੀ ਟੀਮ ਨੇ ਪਿੰਡ ਨੰਗਲ ਨੇੜੇ ਭਾਖੜਾ ਨਹਿਰ ਦੇ ਪੁਲ ’ਤੇ ਗਸ਼ਤ ਦੌਰਾਨ ਇਕ ਕਾਰ ’ਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਇਸ ਦੌਰਾਨ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮੱਖਣ ਸਿੰਘ ਵਾਸੀ ਫਤਿਆਬਾਦ, ਮਨੀਸ਼ ਅਤੇ ਅਜੇ ਕੁਮਾਰ ਵਾਸੀ ਕੁਕੜਾਵਾਲੀ ਵਜੋਂ ਹੋਈ ਹੈ। ਸਦਰ ਥਾਣਾ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਬ੍ਰਾਹਮਣਵਾਲਾ ਪੁਲੀਸ ਚੌਕੀ ਦੇ ਸਹਾਇਕ ਉਪ ਨਿਰੀਖਕ ਪਵਨ ਕੁਮਾਰ ਆਪਣੇ ਸਹਿਯੋਗੀ ਟੀਮ ਵਿਚ ਸ਼ਾਮਲ ਜੰਗੀਰ ਸਿੰਘ, ਹਰਬੰਸ ਅਤੇ ਸਰਕਾਰੀ ਚਾਲਕ ਅਰਵਿੰਦਰ ਸਿੰਘ ਦੇ ਨਾਲ ਪਿੰਡ ਨੰਗਲ ਦੇ ਭਾਖੜਾ ਪੁਲ ’ਤੇ ਮੌਜੂਦ ਸੀ ਤਾਂ ਇਸੇ ਦੌਰਾਨ ਹੀ ਰਾਤ ਸਮੇਂ ਪਿੰਡ ਵੱਲੋਂ ਇਕ ਕਾਰ ਆਉਂਦੀ ਹੋਈ ਦਿਖਾਈ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਜਦੋਂ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਵਿਚ ਸਵਾਰ ਨੌਜਵਾਨਾਂ ਨੇ ਗੱਡੀ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਬੰਦ ਹੋ ਗਈ। ਪੁਲੀਸ ਟੀਮ ਨੇ ਸ਼ੱਕ ਦੇ ਚੱਲਦੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ’ਚ ਸ਼ਰਾਬ ਦੀਆਂ ਪੇਟੀਆਂ ਪਈਆਂ ਸਨ। ਉਨ੍ਹਾਂ ਦੱਸਿਆ ਕਿ 40 ਪੇਟੀਆਂ ਪਊਆ ਅੰਗਰੇਜ਼ੀ ਦੀਆਂ ਕਰੀਬ 480 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਨੌਜਵਾਨਾਂ ਤੋਂ ਜਦੋਂ ਕਾਰ ਵਿਚ ਰੱਖੀ ਅੰਗਰੇਜ਼ੀ ਸ਼ਰਾਬ ਦਾ ਪਰਮਿਟ ਆਦਿ ਮੰਗਿਆ ਤਾਂ ਉਹ ਦਿਖਾਉਣ ਵਿਚ ਨਾਕਾਮ ਰਹੇ, ਜਿਸ ਦੇ ਚੱਲਦੇ ਉਨ੍ਹਾਂ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।