ਚੋਰੀ ਦੇ ਅੱਧੀ ਦਰਜਨ ਮੋਟਰਸਾਈਕਲਾਂ ਸਣੇ ਤਿੰਨ ਕਾਬੂ
ਖੇਤਰੀ ਪ੍ਰਤੀਨਿਧ
ਧੂਰੀ, 27 ਅਕਤੂਬਰ
ਸਥਾਨਕ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ 6 ਮੋਟਰਸਾਈਕਲਾਂ ਸਣੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਨਸ਼ੀਲੀਆਂ ਦਵਾਈਆਂ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗੁੰਮ ਹੋਏ ਮੋਬਾਈਲ ਨੂੰ ਲੱਭ ਕੇ ਉਸ ਦੇ ਮਾਲਕ ਨੂੰ ਵੀ ਸੌਂਪਿਆ ਗਿਆ ਹੈ। ਥਾਣਾ ਸਦਰ ਧੂਰੀ ਦੇ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਅਤੇ ਥਾਣਾ ਸਿਟੀ ਧੂਰੀ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਲੰਘੇ ਦਿਨੀਂ ਐਡਵੋਕੇਟ ਬਘੇਲ ਸਿੰਘ ਵਾਸੀ ਧੂਰੀ ਵੱਲੋਂ ਸਥਾਨਕ ਕੋਰਟ ਕੰਪਲੈਕਸ ਨੇੜਿਓਂ ਮੋਟਰਸਾਈਕਲ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੜਤਾਲੀਆ ਅਫਸਰ ਜ਼ੈਬਰਾ ਨੰਦ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਖੜਕ ਸਿੰਘ ਵਾਸੀ ਗੋਬਿੰਦਗੜ੍ਹ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਚੋਰੀ ਕੀਤਾ ਹੋਇਆ ਮੋਟਰਸਾਈਕਲ ਵੀ ਬਰਾਮਦ ਕੀਤਾ। ਉਨ੍ਹਾਂ ਦੱਸਿਆਂ ਕਿ ਮੋਟਰਸਾਈਕਲ ਚੋਰੀ ਦੇ ਇਕ ਹੋਰ ਮਾਮਲੇ ਦੀ ਪੜਤਾਲ ਦੌਰਾਨ ਕੁਲਜੀਤ ਸਿੰਘ ਅਤੇ ਸਰਬਜੀਤ ਸਿੰਘ ਵਾਸੀ ਧੂਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਚੋਰੀ ਦੇ 5 ਮੋਟਰਸਾਈਕਲ ਵੀ ਬਰਾਮਦ ਹੋਏ। ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲੀਸ ਚੌਕੀ ਰਣੀਕੇ ਦੇ ਏਐੱਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਅਤੇ ਸਤਿਗੁਰੂ ਸਿੰਘ ਵਾਸੀ ਕੁੰਭੜਵਾਲ ਤੋਂ 25 ਪੱਤੇ ਨਸ਼ੀਲੇ ਕੈਪਸੂਲਾਂ ਦੇ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਨਿਰਮਲ ਸਿੰਘ ਵਾਸੀ ਮੀਮਸਾ ਦੇ ਗੁੰਮ ਹੋਏ ਮਹਿੰਗੇ ਮੋਬਾਈਲ ਨੂੰ ਲੱਭ ਕੇ ਉਸ ਦੇ ਅਸਲ ਮਾਲਕ ਨੂੰ ਸੌਂਪਿਆ। ਇਸ ਮੌਕੇ ਥਾਣਾ ਸਦਰ ਧੂਰੀ ਦੇ ਮੁਖੀ ਕਰਮਜੀਤ ਸਿੰਘ, ਸਾਂਝ ਕੇਂਦਰ ਦੇ ਇੰਚਾਰਜ ਸੁਖਵੀਰ ਸਿੰਘ ਅਤੇ ਹੌਲਦਾਰ ਨਰੇਸ਼ ਕੁਮਾਰ ਵੀ ਮੌਜੂਦ ਸਨ।
ਮੋਬਾਈਲ ਟਾਵਰਾਂ ਦਾ ਸਮਾਨ ਚੋਰੀ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸੀਆਈਏ ਸਟਾਫ ਸੰਗਰੂਰ ਦੀ ਪੁਲੀਸ ਨੇ ਮੋਬਾਈਲ ਟਾਵਰਾਂ ਦਾ ਕੀਮਤੀ ਸਾਮਾਨ ਚੋਰੀ ਕਰਨ ਵਾਲੇ ਗਰੋਹ ਦੇ ਪੰਜ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੀਆਈਏ ਸਟਾਫ ਸੰਗਰੂਰ ਦੇ ਹੌਲਦਾਰ ਸੰਦੀਪ ਕੁਮਾਰ ਨੂੰ ਸਮੇਤ ਪੁਲੀਸ ਪਾਰਟੀ ਸੁਨਾਮ ਦੇ ਆਈਟੀਆਈ ਚੌਕ ਵਿੱਚ ਗਸ਼ਤ ਦੌਰਾਨ ਇਸ ਸਬੰਧੀ ਸੂਚਨਾ ਮਿਲੀ। ਇਸ ਦੌਰਾਨ ਉਨ੍ਹਾਂ ਚੋਰ ਗਰੋਹ ਦੇ ਪੰਜ ਮੈਬਰਾਂ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਸੀਤਾਸਰ ਮੰਦਰ ਵੱਲ ਸਰਹਿੰਦ ਚੋਅ ਦੇ ਨਾਲ ਜਾਂਦੀ ਸੜਕ ਤੋਂ ਸਕਾਰਪੀਓ ਅਤੇ ਸਵਿਫਟ ਕਾਰ ਸਣੇ ਕਾਬੂ ਕੀਤਾ। ਮੁਲਜ਼ਮਾਂ ਵਿੱਚ ਲਵਪ੍ਰੀਤ ਸਿੰਘ ਉਰਫ ਆਡਾ, ਵਿੱਕੀ ਸਿੰਘ, ਬਲਕਾਰ ਸਿੰਘ ਉਰਫ ਜਾਮਾ ਵਾਸੀ ਸ਼ੇਰੋਂ ਮਾਡਲ ਟਾਊਨ-1, ਜਸ਼ਨਦੀਪ ਸਿੰਘ ਉਰਫ ਦੀਪੂ ਅਤੇ ਗੁਰਸੇਵਕ ਸਿੰਘ ਉਰਫ ਪੀਟਰ ਵਾਸੀ ਪਿੰਡ ਸ਼ੇਰੋਂ ਸ਼ਾਮਲ ਸਨ। ਇਨ੍ਹਾਂ ਕੋਲੋਂ ਆਰਆਰਯੂ ਦੇ 16 ਮੋਬਾਈਲ ਟਾਵਰ, 4 ਏਰੀਆ ਟਾਵਰ, ਇਕ ਕੁਇੰਟਲ 50 ਕਿਲੋਗ੍ਰਾਮ ਆਰਟੀਕਲ ਦੀਆਂ ਤਾਰਾਂ, 2 ਦੇਸੀ ਗੱਟੇ 315 ਬੋਰ ਅਤੇ 6 ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਪੁਲੀਸ ਨੇ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਵਿੱਚ ਇਸ ਸਬੰਧੀ ਕੇਸ ਦਰਜ ਕਰ ਲਿਆ।