ਫਾਇਨਾਂਸਰ ਦੇ ਦਫ਼ਤਰ ’ਤੇ ਹੋਈ ਗੋਲੀਬਾਰੀ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 27 ਜੂਨ
ਪਟਿਆਲਾ ਪੁਲੀਸ ਵੱਲੋਂ ਫਾਇਨਾਂਸਰ ਦੇ ਦਫ਼ਤਰ ‘ਤੇ ਕੁੱਝ ਦਿਨ ਪਹਿਲਾਂ ਹੋਈ ਫਾਇਰਿੰਗ ਦੇ ਮਾਮਲੇ ‘ਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਐੱਸਪੀ ਇੰਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ, ਡੀਐੱਸਪੀ ਸੁੱਖਅੰਮ੍ਰਿਤ ਸਿੰਘ ਰੰਧਾਵਾ, ਸੀਆਈਏ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ‘ਤੇ ਅਧਾਰਤ ਟੀਮ ਬਣਾਈ ਗਈ ਸੀ। ਐਸਐਸਪੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਰੋਹਿਤ ਕੁਮਾਰ ਵਾਸੀ ਪਿੰਡ ਨਲਾਸ ਖੁਰਦ ਰਾਜਪੁਰਾ, ਅਕਾਸ਼ਦੀਪ ਸਿੰਘ ਅਕਾਸ਼ ਵਾਸੀ ਬਖਸ਼ੀਵਾਲਾ ਰਾਜਪੁਰਾ, ਦਮਨਪ੍ਰੀਤ ਸਿੰਘ ਦਮੀ ਵਾਸੀ ਪਿੰਡ ਪਿਲਖਣੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਐੱਸਪੀ ਇੰਨਵੇਸਟੀਗੇਸਨ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ 6 ਜੂਨ ਨੂੰ ਸਿੱਧੂ ਫਾਇਨਾਂਸਰ ਐਂਡ ਪ੍ਰਾਪਰਟੀ ਨੇੜੇ ਜ਼ਿਮੀਂਦਾਰਾਂ ਪੈਲਸ ਭਾਰਤ ਕਲੋਨੀ ਰਾਜਪੁਰਾ ਦੇ ਦਫ਼ਤਰ ‘ਤੇ ਫਾਇਰਿੰਗ ਕੀਤੀ ਗਈ ਸੀ। ਡੀਐਸਪੀ ਸੁੱਖਅਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਇਲਾਵਾ ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਦੀ ਪੁਲੀਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਨਲਾਸ ਰੋਡ ਤੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਦੋ ਪਿਸਤੌਲ,10 ਰੌਂਦ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਰਿਮਾਂਡ ਹਾਸਲ ਕਰਕੇ ਤਫਤੀਸ਼ ਅਰੰਭ ਕਰ ਦਿੱਤੀ ਹੈ।