ਖੋਖੇ ਨੂੰ ਮਾਲਕ ਸਮੇਤ ਸਾੜ ਕੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਤਿੰਨ ਕਾਬੂ
ਹਤਿੰਦਰ ਮਹਿਤਾ
ਜਲੰਧਰ, 28 ਨਵੰਬਰ
ਕਮਿਸ਼ਨਰੇਟ ਪੁਲੀਸ ਨੇ ਬੀਤੀ 17 ਨਵੰਬਰ ਨੂੰ ਖੋਖੇ ਨੂੰ ਸਮੇਤ ਮਾਲਕ ਅੱਗ ਲਾ ਕੇ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੋਹਿਤ ਚੋਪੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਖੋਖੇ ਵਿੱਚ ਬੈਠਾ ਸੀ ਤੇ ਉਸ ਪਾਸ ਕੁੱਝ ਲੋਕ ਸਿਗਰਟ ਬੀੜੀ ਖਰੀਦ ਰਹੇ ਸਨ।
ਇਸ ਦੌਰਾਨ ਰਾਜੇਸ਼ ਉਰਫ ਬਿੱਲਾ ਵਾਸੀ ਬੂਟਾ ਪਿੰਡ, ਕਮਤਾ ਉਰਫ ਕਮਲੇਸ਼ ਵਾਸੀ ਚੀਮਾ ਨਗਰ, ਵਿਸ਼ਾਲ ਉਰਫ ਡੱਬੂ ਵਾਸੀ ਫੋਲੜੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਖੋਖੇ ਨੂੰ ਅੱਗ ਲਾ ਦਿੱਤੀ। ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਪਰ ਖੋਖਾ ਅਤੇ ਉਸ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ’ਤੇ ਕਾਰਵਾਈ ਕਰਦਿਆਂ ਥਾਣਾ ਡਿਵੀਜ਼ਨ ਨੰਬਰ 7 ਦੇ ਮੁਖੀ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਮੁਲਜ਼ਮਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਤੇ ਅੱਜ ਏਐੱਸਆਈ ਸੁਰਿੰਦਰ ਪਾਲ ਸਿੰਘ ਨੇ ਵੱਖ-ਵੱਖ ਥਾਵਾਂ ਤੋਂਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਤਿੰਨਾਂ ਮਲਜ਼ਮਾਂ ਦਾ ਇੱਕ ਦਿਨਾ ਪੁਲੀਸ ਰਿਮਾਂਡ ਲਿਆ ਗਿਆ ਹੈ।