ਜਬਰ-ਜਨਾਹ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਨਵੰਬਰ
ਦਿੱਲੀ ਪੁਲੀਸ ਨੇ ਇੱਥੇ ਸਰਾਏ ਕਾਲੇ ਖਾਨ ਖੇਤਰ ਵਿੱਚ ਮਾਨਸਿਕ ਤੌਰ ’ਤੇ ਬਿਮਾਰ ਇੱਕ ਔਰਤ ਨਾਲ ਕਥਿਤ ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜਬਰ-ਜਨਾਹ ਪੀੜਤਾ 10 ਅਕਤੂਬਰ ਤੋਂ ਏਮਜ਼ ਦਿੱਲੀ ਵਿੱਚ ਜ਼ੇਰੇ ਇਲਾਜ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਦੱਸੇ ਬਿਨਾਂ 9 ਮਈ ਨੂੰ ਦਿੱਲੀ ਗਈ ਸੀ ਤੇ ਉਨ੍ਹਾਂ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
ਪੁਲੀਸ ਮੁਤਾਬਕ ਉਨ੍ਹਾਂ ਨੂੰ 11 ਅਕਤੂਬਰ ਨੂੰ ਸਰਾਏ ਕਾਲੇ ਖਾਨ ਇਲਾਕੇ ਦੇ ਕੋਲ ਇੱਕ ਔਰਤ ਦੇ ਖੂਨ ਨਾਲ ਲੱਥਪੱਥ ਪਈ ਹੋਣ ਦੀ ਸੂਚਨਾ ਮਿਲੀ ਸੀ। ਪੁਲੀਸ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਕਿਹਾ ਕਿ ਹਸਪਤਾਲ ਪਹੁੰਚਣ ’ਤੇ ਪੀੜਤਾ ਨੇ ਡਾਕਟਰ ਨੂੰ ਦੱਸਿਆ ਕਿ ਉਸ ਨਾਲ ਤਿੰਨ ਜਣਿਆਂ ਸਰੀਰਕ ਸਬੰਧ ਬਣਾਏ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਫੜਨ ਲਈ ਕੁੱਲ 10 ਪੁਲੀਸ ਟੀਮਾਂ ਬਣਾਈਆਂ ਗਈਆਂ ਸਨ ਅਤੇ 700 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਸੀ।
ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਪ੍ਰਭੂ ਮਹਤੋ, ਪਰਮੋਦ ਉਰਫ਼ ਬਾਬੂ ਅਤੇ ਮੁਹੰਮਦ ਸ਼ਮਸੂਲ ਵਜੋਂ ਹੋਈ ਹੈ। ਡੀਸੀਪੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪਰਮੋਦ ਨੇ ਦੱਸਿਆ ਕਿ ਉਸ ਨੇ 10 ਅਕਤੂਬਰ ਨੂੰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਔਰਤ ਨੂੰ ਬੈਠੀ ਦੇਖਿਆ ਸੀ। ਇਸ ਮਗਰੋਂ ਉਹ ਉਸ ਨੂੰ ਜਬਰੀ ਘੜੀਸ ਕੇ ਇੱਕ ਸੁੰਨਸਾਨ ਖੇਤਰ ਵਿੱਚ ਲੈ ਗਏ। ਉਸ ਨੇ ਕਿਹਾ ਕਿ ਘਟਨਾ ਨੂੰ ਆਟੋ ਚਾਲਕ ਪ੍ਰਭੂ ਮਹਤੋ ਨੇ ਦੇਖਿਆ, ਜਿਸ ਨੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਤੇ ਮਗਰੋਂ ਸਰਾਏ ਕਾਲੇ ਖਾਨ ਦੇ ਕੋਲ ਸੁੱਟ ਕੇ
ਭੱਜ ਗਿਆ।