ਲੈਪਟਾਪ ਤੇ ਨਕਦੀ ਲੁੱਟਣ ਦੇ ਦੋਸ਼ ਹੇਠ ਤਿੰਨ ਕਾਬੂ
ਅੰਮ੍ਰਿਤਸਰ: ਪੁਲੀਸ ਨੇ ਦੋ ਭਰਾਵਾਂ ਕੋਲੋਂ ਖੋਹ ਕਰਨ ਦੇ ਮਾਮਲੇ ਵਿੱਚ ਤਿੰਨ ਝਪਟਮਾਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਖੋਹੇ ਹੋਏ ਤਿੰਨ ਲੈਪਟਾਪ ਅਤੇ ਬੁਲੇਟ ਮੋਟਰਸਾਈਕਲ ਤੇ ਛੁਰੀ ਬਰਾਮਦ ਹੋਈ ਹੈ। ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਖੁਸ਼ਵੀਨ ਸਿੰਘ ਉਰਫ ਖੁਸ਼ੀ, ਅਗਸਤਨ ਉਰਫ ਜੈਰੋ ਅਤੇ ਜਤਿੰਦਰ ਪਾਲ ਉਰਫ ਬਾਵਾ ਰਾਮਪਾਲ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਰਾਜ ਕੁਮਾਰ ਵਾਸੀ ਪ੍ਰਕਾਸ਼ ਵਿਹਾਰ ਬਟਾਲਾ ਰੋਡ ਅੰਮ੍ਰਿਤਸਰ ਦੇ ਬਿਆਨਾਂ ’ਤੇ ਸ਼ਿਕਾਇਤ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਮੁਤਾਬਿਕ ਉਹ ਨਿੱਜੀ ਕੰਪਨੀ ਆਈਟੀ ਦਾ ਕਰਮਚਾਰੀ ਹੈ ਅਤੇ ਉਸ ਦਾ ਭਰਾ ਸ਼ਿਵਮ ਵੀ ਇਸੇ ਕੰਪਨੀ ਵਿੱਚ ਕੰਮ ਕਰਦਾ ਹੈ। 16 ਜਨਵਰੀ ਨੂੰ ਉਹ ਅਤੇ ਉਸ ਦਾ ਭਰਾ ਕੰਮ ਮਗਰੋਂ ਆਪਣੇ ਘਰ ਵਾਪਸ ਪਰਤ ਰਹੇ ਸਨ। ਰਾਤੀਂ 3 ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਸਦੇ ਭਰਾ ਕੋਲੋਂ ਤਿੰਨ ਲੈਪਟਾਪ ਇੱਕ ਮੋਬਾਈਲ ਫੋਨ ਅਤੇ ਲਗਭਗ 1500 ਦੀ ਨਕਦੀ ਜਬਰੀ ਖੋਹ ਕੇ ਲੈ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਨ ਮਗਰੋਂ ਪੁਲੀਸ ਨੇ 24 ਘੰਟਿਆਂ ਵਿੱਚ ਹੀ ਖੋਹ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। -ਟਨਸ