ਕੋਰੀਅਰ ਵਾਲੇ ਤੋਂ ਵਸੂਲੀ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
ਲੱਕੜ ਬਾਜ਼ਾਰ ਸਥਿਤ ਸਿਲਾਈ ਮਸ਼ੀਨ ਮਾਰਕੀਟ ਵਿੱਚ ਕੋਰੀਅਰ ਦੀ ਇੱਕ ਦੁਕਾਨ ਦੇ ਮਾਲਕ ਨੂੰ ਡਰਾ-ਧਮਕਾ ਕੇ ਨਾਜਾਇਜ਼ ਪੈਸੇ ਵਸੂਲਣ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਥਾਣਾ ਕੋਤਵਾਲੀ ਦੀ ਪੁਲੀਸ ਨੇ ਕਾਬੂ ਕੀਤਾ ਹੈ। ਮੁਲਜ਼ਮ ਉਸ ਨੂੰ ਹਰ ਵਾਰ ਫੋਨ ਕਰ ਕੇ ਧਮਕੀਆਂ ਦੇ ਕੇ ਨਾਜਾਇਜ਼ ਵਸੂਲੀ ਕਰਦੇ ਸਨ। ਇਸ ਵਾਰ ਮੁਲਜ਼ਮ ਹਥਿਆਰਾਂ ਦੇ ਜ਼ੋਰ ਨਾਲ ਦੁਕਾਨ ’ਤੇ ਪੰਜ ਹਜ਼ਾਰ ਰੁਪਏ ਦੀ ਵਸੂਲੀ ਲਈ ਸਿੱਧੇ ਪਹੁੰਚ ਗਏ। ਦੁਕਾਨ ਮਾਲਕ ਲਕਸ਼ਮਣ ਨਰਾਇਣ ਨੇ ਇਸ ਦੀ ਸ਼ਿਕਾਇਤ ਥਾਣਾ ਕੋਤਵਾਲੀ ਨੂੰ ਦਿੱਤੀ।
ਥਾਣਾ ਕੋਤਵਾਲੀ ਪੁਲੀਸ ਨੇ ਲਕਸ਼ਮਣ ਨਰਾਇਣ ਦੀ ਸ਼ਿਕਾਇਤ ’ਤੇ ਇੰਦੂ ਸ਼ੇਖਰ ਉਰਫ਼ ਕੰਚਾ, ਗੁਲਸ਼ਨ ਉਰਫ਼ ਗੁੱਗੂ, ਸੰਨੀ ਵਰਮਾ ਉਰਫ਼ ਘੋਨਾ, ਲੱਕੜ ਬਾਜ਼ਾਰ ਵਾਸੀ ਰਜਿੰਦਰ ਸ਼ਰਮਾ ਉਰਫ਼ ਮੋਨੂੰ ਅਤੇ ਦੀਪੂ ਉਰਫ਼ ਦਾਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਸੰਨੀ, ਇੰਦੂ ਅਤੇ ਰਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪੁਲੀਸ ਦੋਵਾਂ ਮੁਲਜ਼ਮਾਂ ਨੂੰ ਲੱਭਣ ਵਿੱਚ ਲੱਗੀ ਹੋਈ ਹੈ। ਸ਼ਿਕਾਇਤ ਅਨੁਸਾਰ ਉਸ ਦੀ ਸਿਲਾਈ ਮਸ਼ੀਨ ਮਾਰਕੀਟ ਵਿੱਚ ਦਸਮੇਸ਼ ਡੇਲੀ ਸਰਵਿਸ ਦੇ ਨਾਂ ਨਾਲ ਕੋਰੀਅਰ ਦੀ ਦੁਕਾਨ ਹੈ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਕਈ ਵਾਰ ਉਸ ਨੂੰ ਡਰਾ-ਧਮਕਾ ਕੇ ਉਸ ਤੋਂ ਨਾਜਾਇਜ਼ ਪੈਸੇ ਵਸੂਲਦੇ ਸਨ।
ਕੁਝ ਦਿਨ ਪਹਿਲਾਂ ਜਦੋਂ ਉਸ ਨੇ ਮੁਲਜ਼ਮਾਂ ਨੂੰ ਪੈਸੇ ਦੇਣ ਵਿੱਚ ਦੇਰੀ ਕੀਤੀ ਤਾਂ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਦੁਕਾਨ ’ਤੇ ਆ ਗਏ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਤੋਂ ਪੰਜ ਹਜ਼ਾਰ ਰੁਪਏ ਦੀ ਨਾਜਾਇਜ਼ ਵਸੂਲੀ ਕੀਤੀ। ਜਦੋਂ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਫਰਾਰ ਹੋ ਗਏ। ਇਸੇ ਦੌਰਾਨ ਥਾਣਾ ਕੋਤਵਾਲੀ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ ਜਿਸ ਤੋਂ ਬਾਅਦ ਪੁਲੀਸ ਨੇ ਤਫ਼ਤੀਸ਼ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਕੀ ਦੋ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਵਿੱਚ ਪੁਲੀਸ ਛਾਪੇ ਮਾਰ ਰਹੀ ਹੈ।