ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਦਸੰਬਰ
ਕੋਕਾ ਕੋਲਾ ਫੈਕਟਰੀ ਜੀਟੀ ਰੋਡ ਗਿਆਸਪੁਰਾ ਵਿੱਚ ਹੋਏ ਇੱਕ ਝਗੜੇ ਦੌਰਾਨ ਕੁੱਝ ਲੋਕਾਂ ਵੱਲੋਂ ਇੱਕ ਲੜਕੀ ਅਤੇ ਉਸਦੇ ਸਾਥੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲੀਸ ਵੱਲੋਂ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਰਵਿੰਦਰ ਕੁਮਾਰ ਮਹਿਤਾ ਨੇ ਦੱਸਿਆ ਕਿ ਉਸਦੀ ਲੜਕੀ ਪ੍ਰੀਤੀ ਕੁਮਾਰੀ (20) ਨੇ ਦੱਸਿਆ ਕਿ ਗੁਆਂਢ ਵਿੱਚ ਰਹਿਣ ਵਾਲਾ ਲੜਕਾ ਅਮਿੱਤ ਮਿੱਤਲ ਹਰ ਰੋਜ਼ ਉਸਨੂੰ ਕਾਲਜ ਜਾਂਦਿਆਂ ਅਤੇ ਆਉਂਦਿਆਂ ਰਸਤੇ ਵਿੱਚ ਤੰਗ-ਪ੍ਰੇਸ਼ਾਨ ਕਰਦਾ ਹੈ। ਉਸਨੇ ਦੋਸ਼ ਲਾਇਆ ਕਿ ਉਹ ਅੱਜ ਜਦੋਂ ਕਾਲਜ ਦੀ ਬੱਸ ਤੋਂ ਕੋਕਾ ਕੋਲਾ ਫੈਕਟਰੀ ਜੀਟੀ ਰੋਡ ਦੇ ਕੋਲ ਉੱਤਰੀ ਤਾਂ ਇੱਕਦਮ ਅਮਿਤ ਮਿੱਤਲ ਆਪਣੇ ਦੋ ਸਾਥੀਆਂ ਅੰਕਿਤ ਅਤੇ ਪਰਮਜੀਤ ਨਾਲ ਆਪਣੀ ਸਕੂਟਰੀ ’ਤੇ ਆਇਆ।ਸਕੂਟਰੀ ਨੂੰ ਅਮਿਤ ਚਲਾ ਰਿਹਾ ਸੀ ਜਿਸਨੇ ਜਾਣਬੁੱਝ ਕੇ ਆਪਣੀ ਸਕੂਟਰੀ ਉਸ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਾਸੇ ਹਟ ਗਈ। ਇਸ ’ਤੇ ਉਹ ਤਿੰਨੋਂ ਸਕੂਟਰੀ ਸਮੇਤ ਜ਼ਮੀਨ ’ਤੇ ਡਿੱਗ ਗਏ ਜਿਸ ’ਤੇ ਅਮਿਤ ਮਿੱਤਲ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਲੜਕੀ ਦੇ ਕਾਲਜ ਦੇ ਸਾਥੀਆਂ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਤਿੰਨਾਂ ਜਣਿਆਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅਮਿਤ ਮਿੱਤਲ, ਅੰਕਿਤ ਅਤੇ ਪਰਮਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।