ਨੇਤਰਹੀਣ ਦੀ ਲੁੱਟ-ਖੋਹ ਕਰਨ ਵਾਲੇ ਆਟੋ ਚਾਲਕ ਸਣੇ ਤਿੰਨ ਗ੍ਰਿਫ਼ਤਾਰ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਅਕਤੂਬਰ
ਇਥੋਂ ਦੇ ਇੱਕ ਨੇਤਰਹੀਣ ਵਿਅਕਤੀ ਨਾਲ ਲੁੱਟ-ਖੋਹ ਕਰਨ ਵਾਲੇ ਆਟੋ ਰਿਕਸ਼ਾ ਚਾਲਕ ਅਤੇ ਉਸ ਦੇ ਦੋ ਸਾਥੀਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਪੀੜਤ ਵਿਅਕਤੀ ਦੇ ਯੋਗਤਾ ਸਰਟੀਫ਼ਿਕੇਟ ਵੀ ਇੱਕ ਖੇਤ ਵਿਚੋਂ ਮਿਲ ਗਏ ਹਨ, ਜੋ ਖੇਤ ਮਾਲਕ ਨੇ ਖ਼ੁਦ ਪੁਲੀਸ ਨੂੰ ਸੌਂਪ ਦਿੱਤੇ। ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਛਾਉਣੀ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਯੂਸਫ਼ ਉਰਫ਼ ਕਾਕਾ (30), ਨੂਰ (38) ਅਤੇ ਪ੍ਰਭੂ ਦਿਆਲ ਜੋ ਸਾਰੇ ਛਾਉਣੀ ਦੇ ਰਹਿਣ ਵਾਲੇ ਹਨ ਵਜੋਂ ਕੀਤੀ ਗਈ ਹੈ। ਲੁੱਟ ਦੀ ਇਹ ਘਟਨਾ ਲੰਘੀ 13 ਅਕਤੂਬਰ ਦੀ ਹੈ ਜਦੋਂ ਨੇਤਰਹੀਣ ਕਰਨਦੀਪ ਸਿੰਘ ਜੋ ਐਮਏ ਸੁਸ਼ੋਲੋਜੀ ਦੀ ਪੜ੍ਹਾਈ ਕਰ ਰਿਹਾ ਹੈ, ਚੰਡੀਗੜ੍ਹ ਕੋਈ ਪੇਪਰ ਦੇ ਕੇ ਦੇਰ ਰਾਤ ਫ਼ਿਰੋਜ਼ਪੁਰ ਪਰਤਿਆ ਸੀ। ਛਾਉਣੀ ਤੋਂ ਉਸ ਨੇ ਇੱਕ ਆਟੋ ਰਿਕਸ਼ਾ ਕਿਰਾਏ ’ਤੇ ਲਿਆ ਤੇ ਡਰਾਈਵਰ ਨੂੰ ਸ਼ਹਿਰ ਸਥਿਤ ਅੰਧ ਵਿਦਿਆਲਿਆ ਵਿੱਚ ਛੱਡਣ ਲਈ ਆਖਿਆ। ਕਰਨਦੀਪ ਦੇ ਹੱਥ ਵਿੱਚ ਇੱਕ ਬੈਗ ਸੀ ਜਿਸ ਨੂੰ ਆਟੋ ਰਿਕਸ਼ਾ ਚਾਲਕ ਨੇ ਪਿੱਛੇ ਰੱਖਣ ਵਾਸਤੇ ਆਖਿਆ ਪਰ ਕਰਨਦੀਪ ਨੇ ਬੈਗ ਪਿੱਛੇ ਰੱਖਣ ਤੋਂ ਇਨਕਾਰ ਕਰ ਦਿੱਤਾ। ਆਟੋ ਚਾਲਕ ਯੂਸਫ਼ ਅਤੇ ਉਸਦੇ ਭਰਾ ਨੂਰ ਨੂੰ ਬੈਗ ਵਿੱਚ ਕੁਝ ਕੀਮਤੀ ਸਾਮਾਨ ਹੋਣ ਦਾ ਸ਼ੱਕ ਹੋ ਗਿਆ, ਜਿਸ ਕਰਕੇ ਉਨ੍ਹਾਂ ਦੋਵਾਂ ਦਾ ਮਨ ਬੇਈਮਾਨ ਹੋ ਗਿਆ। ਯੂਸਫ਼ ਅਤੇ ਨੂਰ ਉਸ ਨੂੰ ਅੰਧ ਵਿਦਿਆਲਿਆ ਛੱਡਣ ਦੀ ਬਜਾਏ ਕਿਸੇ ਸੁੰਨਸਾਨ ਥਾਂ ’ਤੇ ਲੈ ਗਏ ਤੇ ਉਥੇ ਆਪਣੇ ਇੱਕ ਹੋਰ ਸਾਥੀ ਪ੍ਰਭੂ ਦਿਆਲ ਨੂੰ ਵੀ ਬੁਲਾ ਲਿਆ। ਤਿੰਨਾਂ ਨੇ ਮਿਲ ਕੇ ਕਰਨਦੀਪ ਦੀ ਕੁੱਟਮਾਰ ਕੀਤੀ ਤੇ ਉਸਦਾ ਮੋਬਾਈਲ ਫ਼ੋਨ, ਬੈਗ ਤੇ ਕਰੀਬ ਪੰਦਰਾਂ ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਮੁਲਜ਼ਮ ਉਸ ਨੂੰ ਸੁੰਨਸਾਨ ਥਾਂ ਤੇ ਛੱਡ ਕੇ ਫ਼ਰਾਰ ਹੋ ਗਏ ਤੇ ਜਾਂਦੇ ਹੋਏ ਮੁਲਜ਼ਮ ਉਸਦਾ ਬੈਗ ਇੱਕ ਖੇਤ ਵਿਚ ਸੁੱਟ ਗਏ ਜਿਸ ਵਿਚ ਉਸਦੇ ਯੋਗਤਾ ਸਰਟੀਫ਼ਿਕੇਟ ਸਨ।