ਸਹਾਇਕ ਮੈਨੇਜਰ ਸਮੇਤ ਤਿੰਨ ਗ੍ਰਿਫ਼ਤਾਰ
ਮੁਲਜ਼ਮ ਨੇ ਅਕਾਊਂਟੈਂਟ ਨਾਲ ਰਲ ਕੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ; 23.41 ਲੱਖ ਰੁਪਏ ਬਰਾਮਦ
ਗਗਨਦੀਪ ਅਰੋੜਾ
ਲੁਧਿਆਣਾ, 29 ਨਵੰਬਰ
ਇੱਥੇ ਢੋਲੇਵਾਲ ਚੌਕ ਨੇੜੇ ਐੱਸਬੀਆਈ ਬੈਂਕ ਦੇ ਬਾਹਰੋਂ ਪੈਟਰੋਲ ਪੰਪ ਦੇ ਮੈਨੇਜਰ ਅਤੇ ਸਹਾਇਕ ਮੈਨੇਜਰ ਤੋਂ 25 ਲੱਖ ਰੁਪਏ ਲੁੱਟਣ ਦਾ ਮਾਮਲਾ ਲੁਧਿਆਣਾ ਪੁਲੀਸ ਨੇ 8 ਘੰਟੇ ’ਚ ਹੀ ਹੱਲ ਕਰ ਲਿਆ ਹੈ। ਪੁਲੀਸ ਅਨੁਸਾਰ ਇਸ ਵਾਰਦਾਤ ਨੂੰ ਪੰਪ ਦੇ ਅਸਿਸਟੈਂਟ ਮੈਨੇਜਰ ਵੱਲੋਂ ਅਕਾਊਂਟੈਂਟ ਅਤੇ ਪੁਰਾਣੇ ਮੁਲਾਜ਼ਮ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਅਸਿਸਟੈਂਟ ਮੈਨੇਜਰ ਮਲਕੀਤ ਸਿੰਘ ਉਰਫ਼ ਸੋਨੂੰ ਵਾਸੀ ਬਾਵਾ ਜੀਵਨ ਸਿੰਘ ਤਾਜਪੁਰ ਰੋਡ, ਅਕਾਊਂਟੈਂਟ ਸਾਗਰ ਵਿੱਜ ਵਾਸੀ ਰਾਧਾ ਕ੍ਰਿਸ਼ਨ ਕਲੋਨੀ (ਮੁੰਡੀਆਂ ਖੁਰਦ) ਅਤੇ ਜਤਿੰਦਰ ਸਿੰਘ ਉਰਫ਼ ਜਤਿਨ ਵਾਸੀ ਪਿੰਡ ਜੋਸ਼ ਮੁਹਾਰ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 23.41 ਲੱਖ ਰੁਪਏ ਬਰਾਮਦ ਕਰ ਲਏ ਹਨ ਤੇ ਬਾਕੀ ਨਕਦੀ ਦੀ ਬਰਾਮਦਗੀ ਲਈ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਮਲਕੀਤ ਸਿੰਘ ਆਹੂਜਾ ਫਿਲਿੰਗ ਸਟੇਸ਼ਨ ’ਤੇ ਬਤੌਰ ਸਹਾਇਕ ਮੈਨੇਜਰ ਤੇ ਡਲਿਵਰੀ ਮੈਨ ਦੇ ਤੌਰ ’ਤੇ ਕੰਮ ਕਰਦਾ ਸੀ, ਜਦੋਂ ਕਿ ਸਾਗਰ ਵਿੱਜ ਅਕਾਊਂਟੈਂਟ ਸੀ। ਰੋਜ਼ਾਨਾ ਪੈਟਰੋਲ ਪੰਪ ’ਤੇ ਆਉਣ ਵਾਲੀ ਨਗਦੀ ਨੂੰ ਲੈ ਕੇ ਮੁਲਜ਼ਮਾਂ ਦਾ ਮਨ ਬੇਈਮਾਨ ਹੋ ਗਿਆ ਤੇ ਉਨ੍ਹਾਂ ਨੇ ਪੈਸੇ ਲੁੁੱਟਣ ਦੀ ਯੋਜਨਾ ਬਣਾਈ। ਇਸ ਕੰਮ ਲਈ ਮੁਲਜ਼ਮਾਂ ਨੇ ਇਸੇ ਪੰਪ ’ਤੇ 8 ਮਹੀਨੇ ਪਹਿਲਾਂ ਕੰਮ ਛੱਡ ਚੁੱਕੇ ਜਤਿਨ ਨਾਲ ਗੱਲ ਕੀਤੀ। ਜਤਿਨ ਇਸ ਸਮੇਂ ਸਵਿਫ਼ਟ ਸੁਰੱਖਿਆ ਸਰਵਿਸ ’ਚ ਕੰਮ ਕਰਦਾ ਸੀ। ਪੁਲੀਸ ਅਨੁਸਾਰ ਮੈਨੇਜਰ ਪ੍ਰਦੀਪ ਦੇ ਨਾਲ ਸਹਾਇਕ ਮੈਨੇਜਰ ਮਲਕੀਤ ਸਿੰਘ ਹਮੇਸ਼ਾ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾਂਦਾ ਸੀ। ਅਕਾਊਟੈਂਟ ਸਾਗਰ ਨਾਲ ਹਿਸਾਬ ਕਰਨ ’ਤੇ ਪੈਸੇ ਲੈ ਕੇ ਹੀ ਪ੍ਰਦੀਪ ਤੇ ਮਲਕੀਤ ਰੋਜ਼ਾਨਾ ਨਿਕਲਦੇ ਸਨ, ਜਿਸ ਕਾਰਨ ਮੁਲਜ਼ਮਾਂ ਨੂੰ ਪੂਰੀ ਜਾਣਕਾਰੀ ਸੀ। ਲੁੱਟ ਵਾਲੇ ਦਿਨ ਸਾਗਰ ਹਿਸਾਬ ਕਰਕੇ ਪਹਿਲਾਂ ਹੀ ਚਲਾ ਗਿਆ ਅਤੇ ਜਤਿਨ ਦੇ ਨਾਲ ਮੋਟਰਸਾਈਕਲ ’ਤੇ ਹੋ ਗਿਆ। ਜਿਵੇਂ ਹੀ ਪ੍ਰਦੀਪ ਅਤੇ ਮਲਕੀਤ ਪੈਸੇ ਲੈ ਕੇ ਪੰਪ ਤੋਂ ਨਿਕਲੇ ਤਾਂ ਮਲਕੀਤ ਨੇ ਦੋਹਾਂ ਨੂੰ ਜਾਣਕਾਰੀ ਦੇ ਦਿੱਤੀ। ਪ੍ਰਦੀਪ ਗੱਡੀ ਪਾਰਕ ਕਰ ਰਿਹਾ ਸੀ ਕਿ ਮਲਕੀਤ ਪਹਿਲਾਂ ਹੀ ਪੈਸਿਆਂ ਵਾਲਾ ਬੈਗ ਲੈ ਕੇ ਬਾਹਰ ਨਿਕਲ ਗਿਆ ਤੇ ਪਿੱਛੋਂ ਆਏ ਮੁਲਜ਼ਮ ਬੈਗ ਲੈ ਕੇ ਫ਼ਰਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮਲਕੀਤ ਤੋਂ ਸਵਾਲ ਜਵਾਬ ਕਰਨ ਮਗਰੋਂ ਕੈਮਰਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਕਾਰਵਾਈ ਕਰਦਿਆਂਤਿੰਨਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ 2 ਲੱਖ ਰੁਪਏ ਦਾ ਬਰਾਮਦਗੀ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਲੁੱਟ-ਖੋਹ ਦੇ ਦੋਸ਼ ਹੇਠ ਦੋ ਜਣੇ ਕਾਬੂ
ਲੁਧਿਆਣਾ (ਟਨਸ): ਡਾਬਾ ਰੋਡ ’ਤੇ ਮੋਬਾਈਲ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮਾਂ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਪਛਾਣ ਗੁਰੂ ਨਾਨਕ ਨਗਰ ਵਾਸੀ ਅਨੀਸ਼ ਰਾਏ ਉਰਫ਼ ਗੋਲੀ ਅਤੇ ਆਦਰਸ਼ ਕਲੋਨੀ ਵਾਸੀ ਬਲਪ੍ਰੀਤ ਸਿੰਘ ਉਰਫ਼ ਬੀਨੂੰ ਵਜੋਂ ਹੋਈ ਹੈ। ਥਾਣਾ ਸ਼ਿਮਲਾਪੁਰੀ ਦੇ ਐੱਸਐੱਚਓ ਸਬ ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆ ਮੋਟਰਸਾਈਕਲ, ਮੋਬਾਈਲ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਅਧਿਕਾਰੀ ਅਨੁਸਾਰ ਗੁਰਪਾਲ ਨਗਰ ਇਲਾਕੇ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਵੱਲੋਂ 24 ਨਵੰਬਰ ਨੂੰ ਪੁਲੀਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।