ਲੁੱਟ-ਖੋਹ ਦੇ ਦੋਸ਼ ਹੇਠ ਔਰਤ ਸਣੇ ਤਿੰਨ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ/ਸੰਗਤ ਮੰਡੀ, 13 ਮਾਰਚ
ਥਾਣਾ ਨੰਦਗੜ੍ਹ ਦੀ ਪੁਲੀਸ ਨੇ ਲੁੱਟ-ਖੋਹ ਦੇ ਮਾਮਲੇ ਵਿੱਚ ਔਰਤ ਸਮੇਤ ਤਿੰਨ ਮੁਲਜ਼ਮਾਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਉਹ ਰਾਤ ਸਮੇਂ ਟਰੱਕਾਂ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੁਲੀਸ ਵੱਲੋਂ ਮੁਲਜ਼ਮਾਂ ਪਾਸੋਂ 65 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੇ ਜਾਣ ਬਾਰੇ ਵੀ ਖੁਲਾਸਾ ਕੀਤਾ ਹੈ।
ਬਠਿੰਡਾ (ਦਿਹਾਤੀ) ਖੇਤਰ ਦੇ ਡੀਐੱਸਪੀ ਮਨਜੀਤ ਸਿੰਘ ਅਨੁਸਾਰ 11 ਮਾਰਚ ਨੂੰ ਇੱਕ ਟਰੱਕ ਡਰਾਈਵਰ ਵੱਲੋਂ ਥਾਣਾ ਨੰਦਗੜ੍ਹ ਵਿੱਚ ਇੱਕ ਦਰਖ਼ਾਸਤ ਦਿੱਤੀ ਗਈ ਸੀ ਕਿ ਕੁਝ ਔਰਤਾਂ ਰਾਹ ਜਾਂਦੇ ਟਰੱਕ ਡਰਾਈਵਰਾਂ ਨੂੰ ਹੱਥ ਦਾ ਇਸ਼ਾਰਾ ਕਰਕੇ ਮੱਦਦ ਮੰਗਣ ਬਹਾਨੇ ਲੁੱਟ ਦਾ ਸ਼ਿਕਾਰ ਬਣਾਉਂਦੀਆਂ ਹਨ। ਦੋ ਪੁਰਸ਼ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਡੀਐੱਸਪੀ ਨੇ ਦੱਸਿਆ ਕਿ ਥਾਣਾ ਨੰਦਗੜ੍ਹ ਦੀ ਪੁਲੀਸ ਪਾਰਟੀ ਨੇ ਵਿਸ਼ੇਸ਼ ਨਾਕਾਬੰਦੀ ਕਰਕੇ ਤਿੰਨ ਜਣਿਆਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 65000 ਰੁਪਏ ਬਰਾਮਦ ਕੀਤੇ ਹਨ। ਉਨ੍ਹਾਂ ਖ਼ਿਲਾਫ਼ ਥਾਣਾ ਨੰਦਗੜ੍ਹ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ, ਕ੍ਰਿਸ਼ਨ ਕੁਮਾਰ ਅਤੇ ਸਰਬਜੀਤ ਕੌਰ ਵਜੋਂ ਹੋਈ ਹੈ। ਇਹ ਬਠਿੰਡਾ ਦੇ ਵਸਨੀਕ ਹਨ।