ਨੌਜਵਾਨ ਦੇ ਕਤਲ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਨਵੰਬਰ
ਪੁਲੀਸ ਨੇ ਇਥੇ 22 ਨਵੰਬਰ ਨੂੰ ਇੱਕ ਨੌਜਵਾਨ ਦੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਰਪਣ ਸਿੰਘ ਧੰਗੋਤਰਾ, ਆਸ਼ੀਸ਼ ਕੁਮਾਰ ਅਤੇ ਸੰਨੀ ਕੁਮਾਰ ਵਜੋਂ ਹੋਈ ਹੈ। ਇਹ ਤਿੰਨੋਂ ਹੀ ਅੰਮ੍ਰਿਤਸਰ ਨਾਲ ਸਬੰਧਤ ਹਨ ਅਤੇ ਇਨ੍ਹਾਂ ਦੀ ਉਮਰ 18 ਤੋਂ 24 ਸਾਲ ਵਿਚਾਲੇ ਹੈ। ਇਸ ਮਾਮਲੇ ਵਿੱਚ ਸ੍ਰੀਮਤੀ ਰਾਣੀ ਨੇ ਦੱਸਿਆ ਸੀ ਕਿ ਉਸ ਦੇ ਨੌਜਵਾਨ ਬੇਟੇ ਗੌਰਵ ਕੁਮਾਰ (28) ਦਾ ਕੁਝ ਵਿਅਕਤੀਆਂ ਨੇ ਕਤਲ ਕਰ ਦਿੱਤਾ ਹੈ। ਉਸ ਦੇ ਪੁੱਤਰ ਨਾਲ ਕੁਝ ਨੌਜਵਾਨਾਂ ਦੀ ਮਮੂਲੀ ਤਕਰਾਰ ਹੋਈ ਸੀ ,ਜਿਸ ਨੂੰ ਸ਼ਾਂਤ ਕਰ ਦਿੱਤਾ ਸੀ। ਪਰ ਜਦੋਂ ਉਸ ਦਾ ਪੁੱਤਰ ਘਰੋਂ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਦੁੱਧ ਲੈਣ ਲਈ ਗਿਆ ਤਾਂ ਪਿੱਛੇ ਗਏ ਪੰਜ ਛੇ ਨੌਜਵਾਨਾਂ ਨੇ ਉਸ ਨੂੰ ਹਿੰਦੁਸਤਾਨ ਬਸਤੀ ਦੀ ਗਲੀ ਨੰਬਰ ਤਿੰਨ ਦੇ ਬਾਹਰ ਸੜਕ ’ਤੇ ਰੋਕ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਹਸਤਪਾਲ ਲਿਜਾਂਦੇ ਸਮੇ ਉਸ ਦਾ ਪੁੱਤਰ ਦਮ ਤੋੜ ਗਿਆ। ਪੁਲੀਸ ਨੇ ਥਾਣਾ ਡੀ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਸੀ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹਮਲਾਵਰਾਂ ਵਿੱਚ ਸ਼ਾਮਲ ਦਰਪਣ ਸਿੰਘ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ ਅਤੇ ਉਸ ਦੇ ਬਾਕੀ ਦੋ ਸਾਥੀਆਂ ਆਸ਼ੀਸ਼ ਕੁਮਾਰ ਤੇ ਸੰਨੀ ਕੁਮਾਰ ਨੂੰ ਹੁਣ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਹਮਲੇ ਵਿੱਚ ਵਰਤੀ ਕਿਰਚ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨੋ ਨੌਜਵਾਨ ਹੈਰੀਟੇਜ ਸਟਰੀਟ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ। ਆਸ਼ੀਸ਼ ਕੁਮਾਰ ਦੇ ਖਿਲਾਫ ਪਹਿਲਾਂ ਵੀ ਇੱਕ ਕੇਸ ਦਰਜ ਹੈ।