ਡੀਜੇ ਵਾਦਕ ਕਤਲ ਕੇਸ ਵਿੱਚ ਤਿੰਨ ਗ੍ਰਿਫਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਡੀਜੇ ਵਾਦਕ ਕਤਲ ਕਾਂਡ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਡੀਜੇ ਵਾਦਕ ਸਾਹਿਲ ਕੁਮਾਰ ਦੀ 29 ਜੂਨ ਨੂੰ ਰਣਜੀਤ ਐਵੀਨਿਊ ’ਚ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਵੱਲੋਂ ਇਸ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਮਲ ਕੁਮਾਰ (29) ਵਾਸੀ ਹਰਗੋਬਿੰਦ ਐਵੀਨਿਊ, ਸਾਗਰ (26) ਵਾਸੀ ਨਰਾਇਣਗੜ੍ਹ ਅਤੇ ਲਵਪ੍ਰੀਤ ਸਿੰਘ (23) ਵਾਸੀ ਛੇਹਰਟਾ ਵਜੋਂ ਹੋਈ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਦਾ ਇੱਕ ਸਾਥੀ ਅਜੇ ਵੀ ਫਰਾਰ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਸੁਨੀਲ ਕੁਮਾਰ ਨੇ ਪੁਲੀਸ ਨੂੰ ਦੱਸਿਆ ਸੀ ਕਿ ਸਾਹਿਲ ਕੁਮਾਰ ਇੱਕ ਹੋਟਲ ਵਿੱਚ ਡੀਜੇ ਪਲੇਅਰ ਦਾ ਕੰਮ ਕਰਦਾ ਸੀ। 28-29 ਜੂਨ ਦੀ ਰਾਤ ਨੂੰ ਉਸ ਦੇ ਦੋਸਤ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਸਾਹਿਲ, ਕਬੀਰ ਸਿੰਘ, ਸੋਹਣ ਸਿੰਘ, ਅਮਨਪ੍ਰੀਤ ਸਿੰਘ ਅਤੇ ਜੈਕ ਰਾਤ ਦਾ ਖਾਣਾ ਖਾਣ ਲਈ ਰੇਲਵੇ ਸਟੇਸ਼ਨ ਗਏ ਸਨ। ਵਾਪਸ ਪਰਤਦੇ ਸਮੇਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਸਾਹਿਲ ਦੇ ਪੇਟ ਦੇ ਹੇਠਲੇ ਪਾਸੇ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਅਗਲੇ ਦਨਿ ਦਮ ਤੋੜ ਦਿੱਤਾ। ਪੁਲੀਸ ਅਧਿਕਾਰੀ ਸ੍ਰੀ ਵਿਰਕ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਕਬੀਰ ਦੀ ਕਿਸੇ ਗੱਲ ਨੂੰ ਲੈ ਕੇ ਕਮਲ ਕੁਮਾਰ ਨਾਲ ਲੜਾਈ ਹੋਈ ਸੀ। ਕਮਲ ਇਸ ਗੱਲ ਨੂੰ ਲੈ ਕੇ ਰੰਜਿਸ਼ ਰੱਖਦਾ ਸੀ ਅਤੇ ਉਸ ਰਾਤ ਉਹ ਆਪਣੇ ਸਾਥੀਆਂ ਸਮੇਤ ਮੋਟਰ ਸਾਈਕਲ ਤੇ ਸਕੂਟਰ ’ਤੇ ਆਇਆ ਅਤੇ ਉਸ ਨੇ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਸਾਹਿਲ ਵੀ ਸਵਾਰ ਸੀ।