ਬਠਿੰਡਾ ਵਿੱਚ ਸੰਤਰੀ ਤੋਂ ਰਾਈਫਲ ਲੈ ਕੇ ਭੱਜੇ ਤਿੰਨ ਕਾਬੂ
ਪੱਤਰ ਪ੍ਰੇਰਕ
ਬਠਿੰਡਾ, 11 ਅਗਸਤ
ਇਥੋਂ ਦੇ ਥਾਣਾ ਕੈਂਟ ਬਾਹਰ ਕਾਰ ਸਵਾਰਾਂ ਨੇ ਅੱਜ ਸਵੇਰ ਤਿੰਨ ਵਜੇ ਨਾਕਾ ਤੋੜ ਕੇ ਸੰਤਰੀ ਦੀ ਰਾਈਫਲ (ਐੱਸਐੱਲਆਰ) ਖੋਹ ਲਈ ਤੇ ਫ਼ਰਾਰ ਹੋ ਗਏ। ਪੁਲੀਸ ਨੇ ਸਕੌਡਾ ਕਾਰ ਸਵਾਰ ਪੰਜ ਨੌਜਵਾਨਾਂ ਵਿੱਚੋਂ ਤਿੰਨ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਸਾਥੀ ਫ਼ਰਾਰ ਹੋ ਗਏ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ ਪਰ ਦੇਰ ਸ਼ਾਮ ਤੱਕ ਸੰਤਰੀ ਦੀ ਖੋਹੀ ਐੱਸਐੱਲਆਰ ਬਰਾਮਦ ਨਹੀਂ ਹੋ ਸਕੀ। ਪੁਲੀਸ ਨੇ ਹਰਿਆਣਾ ਨੰਬਰ ਦੀ ਕਾਲੇ ਰੰਗ ਦੀ ਕਾਰ ਨੂੰ ਭੱਟੀ ਰੋਡ ’ਤੇ ਇੱਕ ਖ਼ਾਲੀ ਪਲਾਟ ਵਿਚੋਂ ਬਰਾਮਦ ਕੀਤਾ। ਫ਼ੜੇ ਮੁਲਜ਼ਮਾਂ ਦੀ ਪਛਾਣ ਵਿਵੇਕ ਕੁਮਾਰ ਉਰਫ ਜੋਗਾ, ਹਨੀ ਸਿੰਘ ਉਰਫ ਬੱਬੂ, ਸੁਰਜੀਤ ਸਿੰਘ ਉਰਫ ਸੋਨੂੰ ਵਜੋਂ ਹੋਈ। ਗੌਰਤਲਬ ਹੈ ਕਿ ਫ਼ਰਾਰ ਹੋਣ ਤੋਂ ਪਹਿਲਾਂ ਮੁਲਜ਼ਮਾਂ ਨੇ ਬੀਤੀ ਰਾਤ ਭੁੱਚੋਂ ਖੁਰਦ ਕੋਲ ਪਿਸਤੌਲ ਦੀ ਨੋਕ ’ਤੇ ਇੱਕ ਡਾਕਟਰ ਦੀ ਕਾਰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਉਹ ਬਾਅਦ ਵਿਚ ਸਕੌਡਾ ਕਾਰ ਵਿਚ ਬਠਿੰਡਾ ਵੱਲ ਰਵਾਨਾ ਹੋ ਗਏ। ਥਾਣਾ ਕੈਂਟ ਦੀ ਪੁਲੀਸ ਨੇ ਨਾਕੇ ਦੌਰਾਨ ਸਕੌਡਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਨੇ ਹੋਮਗਾਰਡ ਮੁਲਾਜ਼ਮ ਦਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ ਤੇ ਇਸ ਦੌਰਾਨ ਐੱਸਐੱਲਆਰ ਗੁੰਮ ਹੋ ਗਈ। ਇਸ ਘਟਨਾ ਵਿੱਚ ਵਰਤੀ ਗਈ ਸਕੌਡਾ ਕਾਰ ਦਾ ਅਸਲੀ ਮਾਲਕ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।