ਤਿੰਨ ਕਿਲੋ ਹੈਰੋਇਨ ਅਤੇ ਦੋ ਪਿਸਤੌਲ ਸਮੇਤ ਸਰਹੱਦੀ ਖੇਤਰ ’ਚੋਂ ਤਿੰਨ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਮਈ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਸਰਹੱਦ ਪਾਰੋਂ ਤਸਕਰੀ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਕਿਲੋ ਹੈਰੋਇਨ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਲਜੀਤ ਸਿੰਘ ਉਰਫ ਭੋਲਾ ਵਾਸੀ ਪਿੰਡ ਧਾਰੀਵਾਲ ਉਦਰ, ਪਵਨਪ੍ਰੀਤ ਸਿੰਘ ਉਰਫ ਮੋਨੂ ਅਤੇ ਕਰਨਜੀਤ ਸਿੰਘ ਉਰਫ ਕਰਨ ਦੋਵੇਂ ਵਾਸੀ ਪਿੰਡ ਧਨੋਏ ਕਲਾਂ ਵਜੋਂ ਹੋਈ ਹੈ। ਇਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਤੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਪ੍ਰਸ਼ਾਸਨ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲੀਸ ਵੱਲੋਂ ਪਿੰਡ ਅਟੱਲਗੜ੍ਹ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਦਲਜੀਤ ਸਿੰਘ, ਪਵਨਪ੍ਰੀਤ ਸਿੰਘ ਅਤੇ ਕਰਨਜੀਤ ਸਿੰਘ ਜੋ ਕਿ ਸਰਹੱਦ ਪਾਰ ਤਸਕਰੀ ਮਾਮਲੇ ਵਿੱਚ ਸ਼ਾਮਲ ਹਨ, ਨੂੰ ਹਾਲ ਹੀ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਪ੍ਰਾਪਤ ਹੋਈ ਹੈ। ਪੁਲੀਸ ਨੇ ਇਸ ਸੂਚਨਾ ’ਤੇ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਪਿੰਡ ਮੁੱਦੇ ਤੋਂ ਮੂਲੇਕੋਟ ਨੂੰ ਜਾਣ ਵਾਲੀ ਸੜਕ ਕੋਲੋਂ ਕਾਬੂ ਕੀਤਾ।
ਤਲਾਸ਼ੀ ਦੌਰਾਨ ਪੁਲੀਸ ਨੇ ਪਵਨਪ੍ਰੀਤ ਅਤੇ ਕਰਨਜੀਤ ਕੋਲੋਂ ਦੋ ਗਲੋਕ ਪਿਸਤੋਲ ਬਰਾਮਦ ਕੀਤੇ ਹਨ, ਜਦੋਂ ਕਿ ਦਲਜੀਤ ਸਿੰਘ ਭੋਲਾ ਦੇ ਸਕੂਟਰ ਦੀ ਡਿੱਕੀ ਵਿੱਚੋਂ ਤਿੰਨ ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਦੋਵੇਂ ਪਿਸਤੌਲ ਨੌਂ ਐਮਐਮ ਦੇ ਗਲੋਕ ਪਿਸਤੌਲ ਹਨ। ਪੁਲੀਸ ਵੱਲੋਂ ਇਸ ਸਬੰਧ ਵਿੱਚ ਇਨ੍ਹਾਂ ਕੋਲੋਂ ਪੁੱਛਗਿੱਛ ਕਰਕੇ ਅਗਲੇਰੀ ਜਾਂਚ ਕੀਤੀ ਜਾਵੇਗੀ।