ਸਰੀਆ ਚੋਰੀ ਕਰਨ ਵਾਲੇ ਤਿੰਨ ਗ੍ਰਿਫ਼ਤਾਰ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਅਪਰਾਧ ਸ਼ਾਖਾ-1 ਦੀ ਪੁਲੀਸ ਟੀਮ ਨੇ ਸਰੀਆ ਚੋਰੀ ਕਰਨ ਦੇ ਦੋਸ਼ ਵਿੱਚ ਬਲਵਿੰਦਰ ਸਿੰਘ ਉਰਫ ਬਿੰਦਾ, ਪਰਮਿੰਦਰ ਸਿੰਘ ਤੇ ਸੂਰਜ ਵਾਸੀ ਫੌਜੀ ਕਲੋਨੀ ਥਾਨੇਸਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦਾ ਸਰੀਆ ਬਰਾਮਦ ਕੀਤਾ ਹੈ। ਪੁਲੀਸ ਨੇ ਸਰੀਆ ਚੋਰੀ ਕਰਨ ਦੀ ਵਾਰਦਾਤ ਵਿਚ ਵਰਤਿਆ ਆਟੋ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਅਦਾਲਤ ਦੇ ਹੁਕਮ ’ਤੇ ਜੇਲ੍ਹ ਭੇਜ ਦਿੱਤਾ ਗਿਆ। ਪੁਲੀਸ ਦੇ ਬੁਲਾਰੇ ਮੁਤਾਬਕ ਅਸ਼ਵਨੀ ਕੁਮਾਰ ਵਾਸੀ ਚਨਾਰਥਲ ਬਸਤੀ ਕੁਰੂਕਸ਼ੇਤਰ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸ ਦੀ ਮੈਸਰਜ ਮੇਹਰ ਸਿੰਘ ਐਂਡ ਸਨਜ਼ ਦੇ ਨਾਂ ’ਤੇ ਚਨਾਰਥਲ ਰੋਡ ਕੁਰੂਕਸ਼ੇਤਰ ’ਤੇ ਬਿਲਡਿੰਗ ਮਟੀਰੀਅਲ ਦੀ ਦੁਕਾਨ ਹੈ। ਦੁਕਾਨ ਦੇ ਨਾਲ ਹੀ ਉਸ ਦਾ ਖਾਲੀ ਪਲਾਟ ਹੈ, ਜਿਥੋਂ 24 ਜੁਲਾਈ ਨੂੰ ਤਿੰਨ ਜਣੇ ਸਰੀਆ ਚੋਰੀ ਕਰ ਕੇ ਲੈ ਗਏ। ਇਹ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਮਾਮਲੇ ਦੀ ਜਾਂਚ ਕਰਦੇ ਹੋਏ ਅਪਰਾਧ ਸ਼ਾਖਾ ਦੀ ਇਕ ਟੀਮ ਨੇ ਸਰੀਆ ਚੋਰੀ ਕਰਨ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।