ਅੱਸੀ ਲੱਖ ਰੁਪਏ ਦੇ ਮੋਬਾਈਲ ਫੋਨ ਲੁੱਟਣ ਵਾਲੇ ਤਿੰਨ ਕਾਬੂ
ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਸਤੰਬਰ
ਪੁਲੀਸ ਨੇ 28 ਸਤੰਬਰ ਨੂੰ ਫਲਿਪਕਾਰਟ ਕੰਪਨੀ ਦੇ ਲੁੱਟੇ 80 ਲੱਖ ਰੁਪਏ ਦੇ ਮੋਬਾਈਲ ਫੋਨ ਬਰਾਮਦ ਕਰ ਕੇ ਵਾਰਦਾਤ ਦੇ ਸਾਜਿਸ਼ਘਾੜੇ ਕੰਪਨੀ ਦੇ ਸਾਬਕਾ ਮੁਲਾਜ਼ਮ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਦੋ ਹਾਲੇ ਫ਼ਰਾਰ ਹਨ। ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ 28 ਸਤੰਬਰ ਨੂੰ ਫਲਿਪਕਾਰਟ ਕੰਪਨੀ ਦੇ ਮੋਬਾਈਲ ਫੋਨਾਂ ਨਾਲ ਭਰਿਆ ਕੈਂਟਰ ਲੁੱਟਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੈਂਟਰ ਸਾਮਾਨ ਲੈ ਕੇ ਬਾਘਾ ਪੁਰਾਣਾ ਤੋਂ ਚੰਨੂਵਾਲਾ ਜਾ ਰਿਹਾ ਸੀ। ਇਸ ਦੌਰਾਨ ਟਾਟਾ ਏਸ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਾਮਾਨ ਲੁੱਟਣ ਤੋਂ ਬਾਅਦ ਕੈਂਟਰ ਪਿੰਡ ਲਧਾਈਕੇ ਨੇੜੇ ਖੜ੍ਹਾ ਕਰ ਦਿੱਤਾ ਸੀ। ਇਸ ਵਾਰਦਾਤ ’ਚ ਸ਼ਾਮਲ ਕੰਪਨੀ ਦਾ ਸਾਬਕਾ ਮੁਲਾਜ਼ਮ ਹਰਦੀਪ ਸਿੰਘ ਉਰਫ ਅਰਸ਼ ਪਿੰਡ ਗਿੱਲ ਪੱਤੀ ਮਾਣੂੰਕੇ, ਲੁੱਟ ਦਾ ਮੁੱਖ ਸਾਜਿਸ਼ਘਾੜਾ ਹੈ। ਉਸ ਤੋਂ ਇਲਾਵਾ ਰਾਜਵਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਦੋਵੇਂ ਵਾਸੀ ਪਿੰਡ ਲੰਗਿਆਣਾ ਨਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਕਰੀਬ 80 ਲੱਖ ਕੀਮਤ ਦੇ 60 ਆਈਨ ਫੋਨ, ਸੈਮਸੰਗ ਤੇ ਹੋਰ ਕੰਪਨੀ ਦੇ 77 ਫੋਨ, ਐਪਲ ਏਅਰਪੌਡ ਸਣੇ ਹੋਰ ਕੰਪਨੀ ਦੇ 139 ਏਡਰਪੌਡ ਅਤੇ ਇੱਕ ਟੈਬ ਸਣੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਤੇ ਟਾਟਾ ਐੱਸ ਜ਼ਬਤ ਕਰ ਲਏ ਹਨ। ਇਸ ਮੌਕੇ ਡੀਐੱਸਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ, ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮ ਅਜੇ ਤੇ ਅਕਾਸ਼ਦੀਪ ਸਿੰੰਘ ਫ਼ਰਾਰ ਹਨ। ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਨੂੰ ਕੰਪਨੀ ਨੇ ਕਿਸੇ ਕਾਰਨ ਛੇ ਮਹੀਨੇ ਪਹਿਲਾਂ ਹਟਾ ਦਿੱਤਾ ਸੀ।