ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ; ਇਕ ਫ਼ਰਾਰ
ਡਾ.ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 14 ਨਵੰਬਰ
ਥਾਣਾ ਸਰਹਿੰਦ ਦੀ ਪੁਲੀਸ ਨੇ 26 ਸਾਲਾ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਉਸ ਦੇ 3 ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਇਕ ਫ਼ਰਾਰ ਹੈ। ਡੀਐੱਸਪੀ (ਡੀ) ਨਿਖਿਲ ਗਰਗ ਅਤੇ ਥਾਣਾ ਸਰਹਿੰਦ ਦੇ ਐੱਸਐੱਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਵਾਸੀ ਪਿੰਡ ਛੱਤ ਥਾਣਾ ਜ਼ੀਰਕਪੁਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੇ ਲੜਕੇ ਗੁਰਚਰਨ ਸਿੰਘ ਨੂੰ ਪਰਿਵਰਤਨ ਵੈੱਲਨੈੱਸ ਐਸੋਸੀਏਸ਼ਨ ਅੰਬਾਲਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਸੀ। 12 ਅਕਤੂਬਰ ਨੂੰ ਗੁਰਚਰਨ ਸਿੰਘ ਆਪਣੇ 5 ਸਾਥੀ ਦੀਪਕ ਚੌਹਾਨ ਵਾਸੀ ਅੰਬਾਲਾ, ਗੌਰਵ ਮਲਹੋਤਰਾ ਵਾਸੀ ਲੁਧਿਆਣਾ, ਅਕਸ਼ੈ ਕੁਮਾਰ ਵਾਸੀ ਕਰਨਾਲ, ਗੁਰਪਿਆਰ ਸਿੰਘ ਵਾਸੀ ਨੰਦਪੁਰ ਕੇਸ਼ੋ ਅਤੇ ਅਮਨਜੋਤ ਸਿੰਘ ਵਾਸੀ ਲੁਧਿਆਣਾ ਨਾਲ ਕੇਂਦਰ ਛੱਡ ਕੇ ਚਲਾ ਗਿਆ ਸੀ। ਕੁਝ ਦਿਨ ਬਾਅਦ ਉਨ੍ਹਾਂ ਨੂੰ ਕੌਂਸਲਰ ਨਿਰਮੈਲ ਸਿੰਘ ਤੋਂ ਇਤਲਾਹ ਮਿਲੀ ਕਿ ਗੁਰਚਰਨ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਪਿੰਡ ਤਰਖਾਣ ਮਾਜਰਾ ਅੰਡਰਬ੍ਰਿੱਜ ਸਰਹਿੰਦ ਕੋਲੋਂ ਮਿਲੀ ਹੈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਉਸ ਨੇ ਦੱਸਿਆ ਕਿ ਪੁਲੀਸ ਪੜਤਾਲਾ ’ਚ ਪਤਾ ਲੱਗਾ ਕਿ ਨਸ਼ਾ ਛਡਾਊ ਕੇਂਦਰ ਛੱਡਣ ਤੋਂ ਬਾਅਦ ਗੁਰਚਰਨ ਸਿੰਘ ਨੇ ਮੁਲਜ਼ਮਾਂ ਨਾਲ ਮਿਲ ਕੇ ਸ਼ਰਾਬ ਪੀਤੀ, ਜਿਸ ਦੌਰਾਨ ਉਨ੍ਹਾਂ ਦਾ ਝਗੜਾ ਹੋ ਗਿਆ ਅਤੇ ਉਨ੍ਹਾਂ ਗੁਰਚਰਨ ਸਿੰਘ ਦੇ ਸਿਰ ਵਿੱਚ ਸੱਟ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪਿੰਡ ਤਰਖਾਣ ਮਾਜਰਾ ਅੰਡਰਬ੍ਰਿੱਜ ਨੇੜੇ ਝਾੜੀਆਂ ਵਿੱਚ ਸੁੱਟ ਦਿੱਤਾ। ਥਾਣਾ ਸਰਹਿੰਦ ਪੁਲੀਸ ਨੇ ਗੌਰਵ ਮਲਹੋਤਰਾ, ਗੁਰੂਪਿਆਰ ਸਿੰਘ ਅਤੇ ਅਮਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰ ਲਿਆ, ਜਦੋਂ ਕਿ ਅਕਸ਼ੈ ਕੁਮਾਰ ਫ਼ਰਾਰ ਹੈ।