ਪੁਲੀਸ ਅਧਿਕਾਰੀ ਨਾਲ ਧੱਕਾਮੁੱਕੀ ਕਰਨ ਵਾਲੇ ਤਿੰਨ ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਅਕਤੂਬਰ
ਥਾਣਾ ਦੁੱਗਰੀ ਦੀ ਪੁਲੀਸ ਨੇ ਡਿਊਟੀ ’ਤੇ ਤਾਇਨਾਤ ਇੱਕ ਪੁਲੀਸ ਅਧਿਕਾਰੀ ਦੀ ਵਰਦੀ ਨੂੰ ਹੱਥ ਪਾ ਕੇ ਡਿਊਟੀ ਵਿੱਚ ਵਿਘਨ ਪਾਉਣ ਅਤੇ ਉਲਝਣ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਗੌਰਵ ਚੰਦੇਲ ਨੇ ਦੱਸਿਆ ਕਿ ਉਹ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਤਰਸੇਮ ਸਿੰਘ ਨਾਲ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਕੰਧਾਰੀ ਚੌਕ ਫੇਜ਼- 2 ਦੁੱਗਰੀ ਵਿੱਚ ਮੌਜੂਦ ਸੀ ਤਾਂ ਇੱਕ ਲੜਕਾ ਮੋਟਰਸਾਈਕਲ ਸਪਲੈਂਡਰ ਸੜਕ ’ਤੇ ਖੜ੍ਹਾ ਕਰ ਕੇ ਫੋਨ ’ਤੇ ਗੱਲਬਾਤ ਕਰ ਰਿਹਾ ਸੀ। ਉਸਨੂੰ ਸ਼ੱਕ ਦੇ ਆਧਾਰ ’ਤੇ ਰੋਕਕੇ ਮੋਟਰਸਾਈਕਲ ਦੇ ਕਾਗਜ਼ਾਤ ਚੈੱਕ ਕਰਵਾਉਣ ਲਈ ਕਿਹਾ ਗਿਆ ਤਾਂ ਉਹ ਪੁਲੀਸ ਅਧਿਕਾਰੀ ਗੌਰਵ ਚੰਦੇਲ ਨਾਲ ਬਦਸਲੂਕੀ ਕਰਨ ਲੱਗਾ। ਇਸ ਦੌਰਾਨ ਉਸ ਨੇ ਫੋਨ ਕਰ ਕੇ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਕੇ ਉਸ ਨਾਲ ਧੱਕਾ-ਮੁੱਕੀ ਕਰਦਿਆਂ ਗਿਰੇਬਾਨ ਤੋਂ ਫੜ ਕੇ ਖਿੱਚ-ਧੂਹ ਕੀਤੀ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਇਸ ਸਬੰਧੀ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗੁਰਵਿੰਦਰ ਸਿੰਘ, ਤਰਨਦੀਪ ਸਿੰਘ ਅਤੇ ਉਸਦੇ ਭਰਾ ਗੁਰਪ੍ਰੀਤ ਸਿੰਘ ਵਾਸੀਆਨ ਬਾਬਾ ਦੀਪ ਸਿੰਘ ਨਗਰ, ਦੁੱਗਰੀ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।