ਪੰਜਾਬ ’ਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਕਾਬੂ
ਗਗਨਦੀਪ ਅਰੋੜਾ
ਲੁਧਿਆਣਾ, 5 ਅਗਸਤ
ਪੁਲੀਸ ਨੇ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜੋ ਪੰਜਾਬ ’ਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਲੁਧਿਆਣਾ ਪੁਲੀਸ ਅਨੁਸਾਰ ਤਿੰਨ ਮੁਲਜ਼ਮਾਂ ਨੂੰ ਦੋ ਮਾਮਲਿਆਂ ਵਿੱਚ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 9 ਹਥਿਆਰ ਅਤੇ 2 ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੀਏਯੂ ਥਾਣੇ ’ਚ ਅਸਲਾ ਐਕਟ ਤਹਿਤ ਦਰਜ ਕੇਸ ਵਿੱਚ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਖਰਗੋਨ ਵਾਸੀ ਰਾਜਾ ਸਿੰਘ ਨੂੰ ਕਾਬੂ ਕੀਤਾ ਹੈ।
ਇਹ ਗ੍ਰਿਫ਼ਤਾਰੀ ਮੁਹਾਲੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗੁਰਬੀਰ ਸਿੰਘ ਉਰਫ਼ ਗੁਰੀ ਤੋਂ ਕੀਤੀ ਪੁੱਛ-ਪੜਤਾਲ ਦੇ ਆਧਾਰ ’ਤੇ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮ ਗੁਰਬੀਰ ਨੂੰ ਅਦਾਲਤ ’ਚ ਪੇਸ਼ ਕਰਨ ਮਗਰੋਂ ਹੁਣ ਮੁੜ ਲੁਧਿਆਣਾ ਦੀ ਜੇਲ੍ਹ ਭੇਜ ਦਿੱਤਾ ਹੈ, ਜਦੋਂ ਕਿ ਮੁਲਜ਼ਮ ਰਾਜਾ ਸਿੰਘ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੀਏਯੂ ਥਾਣੇ ’ਚ ਅਸਲਾ ਐਕਟ ਤਹਿਤ ਦਰਜ ਕੇਸ ਵਿੱਚ ਪਰਮਜੀਤ ਸਿੰਘ ਉਰਫ਼ ਗੋਲਡੀ ਨੂੰ ਪੁਲੀਸ ਨੇ ਨਾਮਜ਼ਦ ਕੀਤਾ ਸੀ। ਜਾਂਚ ਦੌਰਾਨ ਗੋਲਡੀ ਨੂੰ ਬਰੀ ਕੀਤਾ ਗਿਆ ਤੇ ਮੁਲਜ਼ਮ ਗੁਰਬੀਰ ਸਿੰਘ ਗੁਰੀ ਨੂੰ ਨਾਜ਼ਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਬੀਰ ਨੂੰ ਐੱਸਏਐੱਸ ਨਗਰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ, ਜਿਸ ਨੂੰ ਲੁਧਿਆਣਾ ਪੁਲੀਸ ਪ੍ਰੋਡਕਸ਼ਟ ਵਾਰੰਟ ’ਤੇ ਲੈ ਕੇ ਆਈ ਸੀ।
ਗੁਰਬੀਰ ਤੋਂ ਪੁੱਛ-ਗਿੱਛ ਦੌਰਾਨ ਉਸ ਦੇ ਕਬਜ਼ੇ ’ਚੋਂ 32 ਬੋਰ ਦੀ ਦੇਸੀ ਪਿਸਤੌਲ ਬਰਾਮਦ ਕੀਤੀ ਤੇ 2 ਕਾਰਤੂਸ ਬਰਾਮਦ ਕੀਤੇ ਗਏ। ਇਸ ਦੌਰਾਨ ਇਹ ਵੀ ਪਤਾ ਲੱਗਾ ਕਿ ਉਸ ਨੇ ਉਕਤ ਹਥਿਆਰ ਰਾਜਾ ਸਿੰਘ ਤੋਂ ਖਰੀਦੇ ਸਨ, ਜਿਸ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰਕੇ 8 ਪਿਸਤੌਲਾਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਪੁਲੀਸ ਨੇ ਜੇਲ੍ਹ ’ਚ ਬੰਦ ਗੈਂਗਸਟਰ ਸ਼ੁਭਮ ਅਰੋੜਾ ਉਰਫ਼ ਮੋਟਾ ਦੇ ਨਜ਼ਦੀਕੀ ਸਾਥੀ ਸਿਵਲ ਲਾਈਨ ਇਲਾਕੇ ਦੇ ਨਿਊ ਕੁੰਦਨਪੁਰੀ ਵਾਸੀ ਕੁਣਾਲ ਸ਼ਰਮਾ ਉਰਫ਼ ਕੈਬੀ ਨੂੰ ਕਾਬੂ ਕਰ ਲਿਆ ਹੈ, ਜਿਸ ਦੇ ਕਬਜ਼ੇ ’ਚੋਂ ਇੱਕ ਪਿਸਤੌਲ ਤੇ ਦੇਸੀ ਕੱਟਾ ਬਰਾਮਦ ਕੀਤਾ ਹੈ।