ਹਥਿਆਰ ਦਿਖਾ ਕੇ ਲੁੱਟਣ ਵਾਲੇ ਤਿੰਨ ਕਾਬੂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਅਗਸਤ
ਬੀਤੇ ਦਿਨ ਇੱਥੇ ਕਮਲਾ ਨਹਿਰੂ ਕਲੋਨੀ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਕਸਟਮਰ ਪੁਆਇੰਟ ਤੋਂ 60 ਹਜ਼ਾਰ ਰੁਪਏ ਦੀ ਲੁੱਟ ਕਰਨ ਵਾਲੇ ਕਥਿਤ 4 ਲੁਟੇਰਿਆਂ ਵਿੱਚੋਂ 3 ਨੂੰ ਥਾਣਾ ਕੈਂਟ ਦੀ ਪੁਲੀਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ 20 ਹਜ਼ਾਰ ਰੁਪਏ ਦੀ ਨਗਦੀ, ਵਾਰਦਾਤ ਵਿੱਚ ਵਰਤਿਆ ਕਾਪਾ ਅਤੇ ਈ-ਰਿਕਸ਼ਾ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਬਾਰੂ ਸਿੰਘ ਵਾਸੀ ਗਲੀ ਨੰ. 8 ਠੇਕੇ ਵਾਲੀ ਗਲੀ ਚੰਦਸਰ ਬਸਤੀ ਬਠਿੰਡਾ, ਸੰਨੀ ਵਾਸੀ ਗਲੀ ਨੰ. 1 ਬਾਲਮੀਕੀ ਨਗਰ ਬਠਿੰਡਾ ਅਤੇ ਗੁਰਦਿੱਤਾ ਸਿੰਘ ਵਾਸੀ ਹਰਰਾਏਪੁਰ ਨੇੜੇ ਗੋਨਿਆਣਾ ਮੰਡੀ ਵਜੋਂ ਦੱਸੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੇ ਹੋਰਨਾਂ ਸਾਥੀਆਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਐੱਸਬੀਆਈ ਕਸਟਮਰ ਸੈਂਟਰ ਦੇ ਸੰਚਾਲਕ ਮੁਰਾਰੀ ਲਾਲ ਜੈਦਕਾ ਪੁੱਤਰ ਗਿਆਨ ਚੰਦ ਵਾਸੀ ਕਮਲਾ ਨਹਿਰੂ ਕਲੋਨੀ ਬਠਿੰਡਾ ਨੇ ਥਾਣਾ ਕੈਂਟ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 19 ਅਗਸਤ ਦੀ ਰਾਤ ਨੂੰ 4 ਲੁਟੇਰੇ ਉਸ ਦੇ ਸੈਂਟਰ ’ਤੇ ਆਏ ਅਤੇ ਹਥਿਆਰ ਦਿਖਾ ਕੇ 60,000 ਰੁਪਏ ਨਕਦੀ ਖੋਹ ਕੇ ਲੈ ਗਏ।