ਨੌਜਵਾਨ ਕੋਲੋਂ ਸਾਢੇ ਤਿੰਨ ਕਿੱਲੋ ਭੁੱਕੀ ਬਰਾਮਦ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 15 ਅਕਤੂਬਰ
ਇਥੋਂ ਦੀ ਡਿੰਗ ਥਾਣਾ ਪੁਲੀਸ ਨੇ ਇਕ ਨੌਜਵਾਨ ਨੂੰ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਦੀ ਪਛਾਣ ਅਜੇ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮੋਚਿਆਂਵਾਲੀ ਜ਼ਿਲਾ ਸਿਰਸਾ ਵਜੋਂ ਹੋਈ ਹੈ। ਐੱਸਪੀ ਵਿਕਰਾਂਸ਼ ਭੂਸ਼ਣ ਨੇ ਦੱਸਿਆ ਕਿ ਥਾਣਾ ਡਿੰਗ ਦੀ ਪੁਲੀਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਅਹਿਮ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਤਿੰਨ ਕਿਲੋ ਚਾਰ ਸੌ ਗਰਾਮ ਭੁੱਕੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹੈਰੋਇਨ ਸਮੇਤ ਕਾਬੂ
ਕਾਲਾਂਵਾਲੀ (ਪੱਤਰ ਪ੍ਰੇਰਕ):
ਪਿੰਡ ਘੁੱਕਿਆਂਵਾਲੀ ਤੋਂ ਸੀਆਈਏ ਡੱਬਵਾਲੀ ਸਟਾਫ਼ ਦੀ ਟੀਮ ਨੇ ਇੱਕ ਮੁਲਜ਼ਮ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਜੱਸਾ ਵਾਸੀ ਪਿੰਡ ਰੁਘੂਆਣਾ ਵਜੋਂ ਹੋਈ ਹੈ। ਸੀਆਈਏ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਏਐਸਆਈ ਪ੍ਰੀਤਮ ਸਿੰਘ ਆਪਣੀ ਪੁਲੀਸ ਪਾਰਟੀ ਸਮੇਤ ਗਸ਼ਤ ’ਤੇ ਪਿੰਡ ਔਢਾਂ ਤੋਂ ਪਿੰਡ ਘੁੱਕਿਆਂਵਾਲੀ ਨੂੰ ਜਾ ਰਹੇ ਸਨ ਤਾਂ ਨਹਿਰ ਦੇ ਕੋਲ ਇੱਕ ਨੌਜਵਾਨ ਨੂੰ ਪਿੰਡ ਵੱਲੋਂ ਆਉਂਦਾ ਦੇਖਿਆ ਗਿਆ। ਜੋ ਕਿ ਅਚਾਨਕ ਪੁਲੀਸ ਨੂੰ ਦੇਖ ਕੇ ਪਿੱਛੇ ਮੁੜਿਆ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ’ਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।