ਸ਼ੋਅਰੂਮ ਵਿੱਚੋਂ ਸਾਮਾਨ ਚੋਰੀ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਯਮੁਨਾਨਗਰ, 20 ਅਗਸਤ
ਪੁਲੀਸ ਦੀ ਸਪੈਸ਼ਲ ਟੀਮ ਨੇ ਤਿੰਨ ਚੋਰਾਂ ਨੂੰ ਕਾਬੂ ਕੀਤਾ ਹੈ ਜੋ ਇਲੈਕਟ੍ਰਾਨਿਕਸ ਦੇ ਸ਼ੋਅਰੂਮ ਵਿੱਚ ਕੰਮ ਕਰਦੇ ਸਨ ਅਤੇ ਫਿਰ ਉਸੇ ਸ਼ੋਅਰੂਮ ਵਿੱਚੋਂ ਹੀ ਲੱਖਾਂ ਦਾ ਸਾਮਾਨ ਚੋਰੀ ਕਰ ਲੈਂਦੇ ਸਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਹੈੱਡਕੁਆਰਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਐੱਸਪੀ ਮੋਹਿਤ ਹਾਂਡਾ ਦੇ ਨਿਰਦੇਸ਼ਾਂ ਤਹਿਤ ਕੰਮ ਕਰਦੇ ਹੋਏ ਸਪੈਸ਼ਲ ਸੈੱਲ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਤਿੰਨ ਅਜਿਹੇ ਚੋਰਾਂ ਨੂੰ ਕਾਬੂ ਕੀਤਾ ਹੈ, ਜੋ ਪਹਿਲਾਂ ਇਲੈਕਟ੍ਰਾਨਿਕਸ ਦੇ ਸ਼ੋਅਰੂਮ ’ਚ ਕੰਮ ਕਰਦੇ ਸਨ ਅਤੇ ਫਿਰ ਉਸੇ ਸ਼ੋਅਰੂਮ ’ਚੋਂ ਲੱਖਾਂ ਰੁਪਏ ਦੇ ਸਾਮਾਨ ’ਤੇ ਹੱਥ ਸਾਫ ਕਰਦੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਰੀਬ 12 ਲੱਖ ਰੁਪਏ ਦਾ ਇਲੈਕਟ੍ਰਾਨਿਕ ਦਾ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਸੈੱਲ ਦੀ ਟੀਮ ਨੇ ਅੰਕੁਸ਼ ਪੁੱਤਰ ਪ੍ਰਦੀਪ ਕੁਮਾਰ ਵਾਸੀ ਰਾਜੀਵ ਗਾਰਡਨ, ਗੋਪਾਲ ਪੁੱਤਰ ਸਤਪਾਲ ਵਾਸੀ ਸ਼ਾਂਤੀ ਕਾਲੋਨੀ ਅਤੇ ਚਿਰਾਗ ਉਰਫ਼ ਕਾਕਾ ਪੁੱਤਰ ਕ੍ਰਿਸ਼ਨ ਲਾਲ ਵਾਸੀ ਰਾਜੀਵ ਗਾਰਡਨ ਨੂੰ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ । ਮੁਲਜ਼ਮ ਸ਼ੋਅਰੂਮ ਦੇ ਗੁਦਾਮ ਵਿੱਚੋਂ ਪੁਰਾਣੇ ਏਸੀ, ਤਾਰਾਂ ਦੇ ਬੰਡਲ ਸਮੇਤ ਹੋਰ ਸਾਮਾਨ ਚੋਰੀ ਕਰ ਕੇ ਵੇਚਦੇ ਸਨ। ਇਲੈਕਟ੍ਰਾਨਿਕਸ ਦੀ ਦੁਕਾਨ ’ਤੇ ਕੰਮ ਕਰਨ ਕਾਰਨ ਲੋਕ ਉਨ੍ਹਾਂ ਦੇ ਚੱਕਰ ਵਿੱਚ ਆ ਜਾਂਦੇ ਸਨ। ਹੋਰ ਜਾਣਕਾਰੀ ਦਿੰਦਿਆਂ ਡੀਐੱਸਪੀ ਨੇ ਦੱਸਿਆ ਕਿ ਮਾਡਲ ਟਾਊਨ ਦੇ ਰਹਿਣ ਵਾਲੇ ਤਰੁਣ ਅਰੋੜਾ ਦੀ ਆਨੰਦ ਮਾਰਕੀਟ ਵਿੱਚ ਸਰਗੋਧਾ ਇਲੈਕਟ੍ਰਾਨਿਕਸ ਦੇ ਨਾਂ ਨਾਲ ਦੁਕਾਨ ਹੈ ਅਤੇ ਓਬਰਾਏ ਮਾਰਕੀਟ ਵਿੱਚ ਮਾਲ ਦਾ ਗੋਦਾਮ ਹੈ। ਪੰਜ ਮਹੀਨੇ ਪਹਿਲਾਂ ਉਨ੍ਹਾਂ ਨੇ ਸ੍ਰੀ ਨਗਰ ਕਲੋਨੀ ਦੇ ਵਸਨੀਕ ਚਿਰਾਗ ਉਰਫ਼ ਕਾਕਾ ਨੂੰ ਦੁਕਾਨ ’ਤੇ ਨੌਕਰ ਵਜੋਂ ਰੱਖਿਆ ਸੀ । ਉਸ ਦੇ ਕੋਲ ਗੋਪਾਲ ਨਾਂ ਦਾ ਨੌਜਵਾਨ ਆਉਂਦਾ-ਜਾਂਦਾ ਰਹਿੰਦਾ ਸੀ । ਇਹ ਹੀ ਗੋਦਾਮ ਵਿੱਚੋਂ ਸਾਮਾਨ ਕੱਢਦੇ ਸਨ। ਜਦੋਂ ਗੁਦਾਮ ਦੀ ਚੈਕਿੰਗ ਕੀਤੀ ਗਈ ਤਾਂ ਇੱਥੋਂ ਤਾਰਾਂ ਦੇ 50 ਬੰਡਲ ਅਤੇ ਐੱਮਸੀਬੀ ਦੇ ਦਸ ਬਕਸੇ ਚੋਰੀ ਹੋਏ ਸਨ। ਚਿਰਾਗ ਵੀ ਕਈ ਦਿਨਾਂ ਤੋਂ ਦੁਕਾਨ ’ਤੇ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਹੀ ਉਸ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ। ਪੁਲੀਸ ਵੱਲੋਂ ਪੁੱਛ-ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਇਨ੍ਹਾਂ ਮੁਲਜ਼ਮਾਂ ਨੇ ਗਰਗ ਇਲੈਕਟ੍ਰੀਕਲ ਤੋਂ ਵੀ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤਾ ਸੀ।