ਵਾਹਨ ਚੋਰ ਗਰੋਹ ਦੇ ਤਿੰਨ ਮੁਲਜ਼ਮ ਕਾਬੂ
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 4 ਸਤੰਬਰ
ਥਾਣਾ ਲੱਖੋ ਕੇ ਬਹਿਰਾਮ ਪੁਲੀਸ ਨੇ ਵਾਹਨ ਚੋਰ ਗਰੋਹ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਵੀਹ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਮੋਟਰਸਾਈਕਲ ਮੁਹਾਲੀ, ਚੰਡੀਗੜ੍ਹ ਅਤੇ ਲੁਧਿਆਣਾ ਸਮੇਤ ਹੋਰ ਵੱਡੇ ਸ਼ਹਿਰਾਂ ਤੋਂ ਚੋਰੀ ਕੀਤੇ ਕੀਤੇ ਗਏ ਸਨ। ਇਸ ਮਾਮਲੇ ’ਚ ਪੁਲੀਸ ਨੇ ਪੰਜ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ ਤੇ ਦੋ ਮੁਲਜ਼ਮਾਂ ਦੀ ਭਾਲ ਅਜੇ ਜਾਰੀ ਹੈ। ਮੁਲਜ਼ਮਾਂ ਦੀ ਪਛਾਣ ਸਾਜਨ, ਅਜੇ ਸਿੰਘ, ਗੁਰਜੀਤ ਸਿੰਘ ਅਤੇ ਪ੍ਰਦੀਪ ਸਿੰਘ ਵਾਸੀਆਨ ਪਿੰਡ ਮੱਤੜ ਹਿਠਾੜ ਅਤੇ ਗੁਰਵਿੰਦਰ ਸਿੰਘ ਵਾਸੀ ਪਾਲੀ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਕੀਤੀ ਗਈ ਹੈ। ਕੱਲ੍ਹ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਸਾਜਨ, ਗੁਰਜੀਤ ਅਤੇ ਗੁਰਵਿੰਦਰ ਵਹੀਕਲ ਚੋਰੀ ਕਰਕੇ ਅੱਗੇ ਘੱਟ ਰੇਟਾਂ ’ਤੇ ਵੇਚਣ ਦਾ ਧੰਧਾ ਕਰਦੇ ਹਨ ਜੋ ਇਸ ਵੇਲੇ ਚੱਕ ਕੰਧੇ ਵਾਲਾ ਪਿੰਡ ਦੀ ਦਾਣਾ ਮੰਡੀ ਕੋਲ ਮੋਟਰਸਾਈਕਲਾਂ ਸਮੇਤ ਖੜ੍ਹੇ ਹਨ। ਏਐਸਆਈ ਗੁਰਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।