ਬੱਚਾ ਅਗਵਾ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਗੁਰਬਖਸ਼ਪੁਰੀ
ਤਰਨ ਤਾਰਨ, 9 ਜੁਲਾਈ
ਪੱਟੀ ਨੇੜਿਓਂ ਪਿੰਡ ਕੈਰੋਂ ਤੋਂ ਤਿੰਨ ਦਿਨ ਪਹਿਲਾਂ ਦਾਦਾ-ਦਾਦੀ ਤੋਂ ਖੋਹੇ ਹੋਏ ਅੱਠ ਮਹੀਨਿਆਂ ਦੇ ਬੱਚੇ ਨੂੰ ਪੁਲੀਸ ਨੇ ਲੱਭ ਕੇ ਬੀਤੀ ਸ਼ਾਮ ਪਰਿਵਾਰ ਦੇ ਹਵਾਲੇ ਕਰ ਦਿੱਤਾ| ਇਸ ਮਾਮਲੇ ਬਾਰੇ ਐੱਸਪੀ ਵਿਸ਼ਾਲਜੀਤ ਸਿੰਘ (ਇਨਵੈਸਟੀਗੇਸ਼ਨ) ਨੇ ਅੱਜ ਇਥੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਇਕ ਮੁਲਜ਼ਮ ਫਰਾਰ ਚੱਲ ਰਿਹਾ ਹੈ| ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਜਗਦੀਸ਼ ਸਿੰਘ ਵਾਸੀ ਕਾਹਲਵਾਂ, ਕੁਲਦੀਪ ਸਿੰਘ ਵਾਸੀ ਬਟਾਲਾ ਅਤੇ ਜੋਬਨਜੀਤ ਸਿੰਘ ਵਾਸੀ ਜੋਧਾ ਨਗਰ (ਤਰਸਿੱਕਾ) ਦਾ ਨਾਮ ਸ਼ਾਮਲ ਹੈ| ਫਰਾਰ ਹੋਏ ਦੀ ਪਛਾਣ ਕਰਨ ਸਿੰਘ ਵਾਸੀ ਕਾਹਲਵਾਂ ਦੇ ਤੌਰ ’ਤੇ ਕੀਤੀ ਗਈ ਹੈ| ਅਧਿਕਾਰੀ ਨੇ ਦੱਸਿਆ ਕਿ ਖੋਹੇ ਹੋਏ ਬੱਚੇ ਕਰਨਪਾਲ ਸਿੰਘ ਨੂੰ ਉਸ ਦਾ ਦਾਦਾ ਕੁਲਵੰਤ ਸਿੰਘ ਵਾਸੀ ਕੈਰੋਂ ਆਪਣੀ ਪਤਨੀ ਹਰਮੀਤ ਕੌਰ ਨਾਲ ਭਿੱਖੀਵਿੰਡ ਤੋਂ ਮੋਟਰਸਾਈਕਲ ’ਤੇ ਸ਼ੁੱਕਰਵਾਰ ਨੂੰ ਲੈ ਕੇ ਵਾਪਸ ਪਿੰਡ ਕੈਰੋਂ ਆ ਰਹੇ ਸਨ| ਉਹ ਕੈਰੋਂ ਪਿੰਡ ਤੋਂ ਕੁਝ ਹੀ ਦੂਰੀ ’ਤੇ ਹੀ ਸਨ ਕਿ ਪਿੱਛੋਂ ਇਕ ਮੋਟਰਸਾਈਕਲ ’ਤੇ ਆਏ ਦੋ ਮੁਲਜ਼ਮ ਬੱਚੇ ਨੂੰ ਖੋਹ ਕੇ ਫਰਾਰ ਹੋ ਗਏ| ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਸੀਟੀਵੀ ਕੈਮਰਿਆਂ ਅਤੇ ਟੈਕਨੀਕਲ ਤੱਥਾਂ ਦੀ ਮਦਦ ਨਾਲ ਮੁਲਜ਼ਮਾਂ ਤੱਕ 24 ਘੰਟਿਆਂ ਦੇ ਅੰਦਰ ਹੀ ਪਹੁੰਚ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਗਦੀਸ਼ ਸਿੰਘ ਨੂੰ ਕੁਲਦੀਪ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਨੇ ਉਨ੍ਹਾਂ ਦੇ ਬੱਚਾ ਨਾ ਹੋਣ ਕਰ ਕੇ ਕਿਸੇ ਢੰਗ ਤਰੀਕੇ ਨਾਲ ਉਨ੍ਹਾਂ ਨੂੰ ਬੱਚਾ ਲਿਆ ਕੇ ਦੇਣ ਲਈ ਤਿੰਨ ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ|