ਕਤਲ ਦੇ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮ ਗ੍ਰਿਫ਼ਤਾਰ
ਲਾਜਵੰਤ ਸਿੰਘ
ਨਵਾਂ ਸ਼ਹਿਰ, 3 ਅਗਸਤ
ਜ਼ਿਲ੍ਹਾ ਪੁਲੀਸ ਨੇ ਪਿੰਡ ਰਾਮਰਾਏਪੁਰ ਵਿੱਚ ਇੱਕ ਨੌਜਵਾਨ ਦੇ ਕਤਲ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲੀਸ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਬਿਮਲਾ ਦੇਵੀ ਵਾਸੀ ਰਾਮਰਾਏਪੁਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ 30 ਜੁਲਾਈ ਨੂੰ ਸ਼ਾਮ ਸਮੇਂ ਉਸਦੇ ਲੜਕੇ ਵਿਜੇ ਕੁਮਾਰ ਦੀ ਉਨ੍ਹਾਂ ਦੇ ਪਿੰਡ ਦੇ ਪੰਮੇ ਦੀ ਮੋਟਰ ’ਤੇ ਸਤਨਾਮ ਸਿੰਘ ਉਰਫ਼ ਸ਼ਾਮਾ ਵਾਸੀ ਮਜਾਰਾ ਖੁਰਦ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਗਈ ਸੀ ਜਿਸ ’ਤੇ ਉਨ੍ਹਾਂ ਵਿਜੇ ਨੂੰ ਮਾਰਨ ਦੀ ਧਮਕੀ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਉਸ ਦਾ ਲੜਕਾ ਰਾਤ ਸਮੇਂ ਘਰ ਨਹੀਂ ਆਇਆ ਤਾਂ ਉਹ ਆਪਣੇ ਲੜਕੇ ਦੀ ਭਾਲ ਵਿੱਚ ਉਕਤ ਮੋਟਰ ਵੱਲ ਦੇਖਣ ਗਈ ਤਾਂ ਮੋਟਰ ’ਤੇ ਰੌਲਾ ਪੈ ਰਿਹਾ ਸੀ। ਬਿਮਲਾ ਦੇਵੀ ਅਨੁਸਾਰ ਜਦੋਂ ਉਹ ਵਿਜੇ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂ ਸ਼ਹਿਰ ਲੈ ਕੇ ਆਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਤਫ਼ਤੀਸ਼ ਦੌਰਾਨ ਡੀਐੱਸਪੀ (ਡੀ) ਸੁਰਿੰਦਰ ਚਾਂਦ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜਪਲਵਿੰਦਰ ਕੌਰ ਅਤੇ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀਆਈਏ ਸਟਾਫ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਮੁਲਜ਼ਮਾਂ- ਅੰਗਰੇਜ਼ ਚੰਦ, ਗੁਲਸ਼ਨ ਕੁਮਾਰ ਅਤੇ ਸੁਨੀਲ ਕੁਮਾਰ ਵਾਸੀਆਨ ਮਜਾਰਾ ਖੁਰਦ ਨੂੰ ਪਿੰਡ ਲੰਗੜੋਆ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਹੈ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਤਨਾਮ ਸਿੰਘ ਉਰਫ ਸ਼ਾਮਾ ਅਤੇ ਵਿਜੈ ਕੁਮਾਰ ਦਾ ਆਪਸ ਵਿੱਚ ਪੈਸਿਆ ਦਾ ਲੈਣ ਦੇਣ ਸੀ ਜਿਸ ਕਰਕੇ ਦੋਵਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਸੀ। ਜਦੋਂ ਇਸ ਸਬੰਧੀ ਸਤਨਾਮ ਸਿੰਘ ਸ਼ਾਮਾ ਨੇ ਘਰ ਆ ਕੇ ਸਾਰੀ ਗੱਲ ਆਪਣੇ ਪਿਤਾ ਅੰਗਰੇਜ਼ ਚੰਦ ਨੂੰ ਦੱਸੀ ਤਾਂ ਉਹ ਗੁਲਸ਼ਨ ਕੁਮਾਰ, ਸੁਨੀਲ ਕੁਮਾਰ ਅਤੇ ਅਵਨੀਤ ਕੁਮਾਰ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੇ ਅਤੇ ਵਿਜੇ ਕੁਮਾਰ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਭੱਜ ਗਏ। ਪੁਲੀਸ ਵੱਲੋਂ ਮੁਲਜ਼ਮ ਸਤਨਾਮ ਸਿੰਘ ਉਰਫ ਸ਼ਾਮਾ ਅਤੇ ਅਵਨੀਤ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਬਜ਼ੁਰਗ ਦੇ ਕਤਲ ਦੇ ਦੋਸ਼ ਹੇਠ ਤਿੰਨ ਮੁਲਜ਼ਮ ਕਾਬੂ
ਹੁਸ਼ਿਆਰਪੁਰ: ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਖੈਰੜ ਰਾਵਲ ਬਸੀ ਵਿੱਚ ਦੋ ਦਿਨ ਪਹਿਲਾਂ ਇੱਕ 60 ਸਾਲਾ ਵਿਅਕਤੀ ਦੇ ਕਤਲ ਦੇ ਸਬੰਧ ਵਿੱਚ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ 2 ਅਗਸਤ ਨੂੰ ਘਰ ਵਿੱਚ ਇਕੱਲੇ ਰਹਿ ਰਹੇ ਹਰਮੇਸ਼ ਲਾਲ ਦਾ ਕਤਲ ਹੋ ਗਿਆ ਸੀ। ਪੁਲੀਸ ਵੱਲੋਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਜਾਂਚ ਦੌਰਾਨ ਤਿੰਨ ਕਥਿਤ ਦੋਸ਼ੀਆਂ ਦੀ ਸ਼ਨਾਖਤ ਪਿੰਡ ਖੈਰੜ ਰਾਵਲ ਬਸੀ ਦੇ ਵਸਨੀਕ ਅਮਰਜੀਤ ਸਿੰਘ, ਸੁਨੀਲ ਕੁਮਾਰ ਅਤੇ ਸੰਦੀਪ ਸਿੰਘ ਵਜੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਲੁੱਟ-ਖੋਹ ਦੀ ਨੀਅਤ ਨਾਲ ਮੁਲਜ਼ਮਾਂ ਨੇ ਹਰਮੇਸ਼ ਲਾਲ ਦਾ ਕਤਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਤਿੰਨਾਂ ਖਿਲਾਫ਼ ਥਾਣਾ ਮਾਹਿਲਪੁਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਐੱਸਪੀ (ਤਫ਼ਤੀਸ਼) ਸਬਜੀਤ ਸਿੰਘ ਬਾਹੀਆ, ਡੀਐੱਸਪੀ ਗੜ੍ਹਸ਼ੰਕਰ ਪਰਮਿੰਦਰ ਸਿੰਘ ਅਤੇ ਐੱਸਐੱਚਓ ਮਾਹਿਲਪੁਰ ਰਮਨ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ