ਤਿੰਨ ਮੁਲਜ਼ਮ ਤੇਜ਼ਧਾਰ ਹਥਿਆਰਾਂ ਸਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 19 ਅਕਤੂਬਰ
ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਨੇ ਲੁੱਟਾਂ-ਖੋਹਾਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਏਅਰਪੋਰਟ ਮੋੜ ’ਤੇ ਲਾਲ ਬੱਤੀ ਚੌਕ ਨੇੜੇ ਪਿੰਡ ਛੱਤ ਤੋਂ ਤਿੰਨ ਮੁਲਜ਼ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਪਿਛਲੇ ਦਿਨੀਂ ਇੱਥੋਂ ਹਥਿਆਰਾਂ ਦੀ ਨੋਕ ’ਤੇ ਕਾਰ ਖੋਹੀ ਸੀ। ਪੁਲੀਸ ਨੇ ਖੋਹੀ ਗਈ ਕਾਰ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਭਜੋਤ ਸਿੰਘ ਉਰਫ਼, ਨਿਤਿਸ਼ ਸ਼ਰਮਾ ਉਰਫ਼ ਬਾਮਣ ਅਤੇ ਆਕਾਸ਼ਦੀਪ ਸ਼ਰਮਾ ਉਰਫ਼ ਅਕਸ਼ ਤਿੰਨੇ ਵਾਸੀ ਬਨੂੜ ਵਜੋਂ ਹੋਈ ਹੈ। ਮੁਲਜ਼ਮ ਪ੍ਰਭਜੋਤ ਪਿੱਛੋਂ ਹਿਮਾਊਪੁਰ (ਫਤਹਿਗੜ੍ਹ ਸਾਹਿਬ) ਦਾ ਰਹਿਣ ਵਾਲਾ ਹੈ, ਜੋ ਹੁਣ ਬਨੂੜ ਵਿੱਚ ਆਪਣੇ ਨਾਨਕੇ ਘਰ ਰਹਿ ਰਿਹਾ ਸੀ।
ਐੱਸਐੱਸਪੀ ਨੇ ਦੱਸਿਆ ਕਿ 30 ਸਤੰਬਰ ਨੂੰ ਅਸ਼ੋਕ ਕੁਮਾਰ ਵਾਸੀ ਗਡਾਵਨ (ਸ਼ਿਮਲਾ) ਦੇ ਬਿਆਨਾਂ ’ਤੇ ਜ਼ੀਰਕਪੁਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਕਿਹਾ ਸੀ ਕਿ ਉਹ ਟੈਕਸੀ ਚਲਾਉਂਦਾ ਹੈ। ਘਟਨਾ ਵਾਲੇ ਦਿਨ ਤੜਕੇ ਸਵੇਰੇ ਉਸ ਨੇ ਮੁਹਾਲੀ ਏਅਰਪੋਰਟ ਤੋਂ ਸਵਾਰੀ ਚੁੱਕਣੀ ਸੀ ਪਰ ਇਸ ਤੋਂ ਪਹਿਲਾਂ ਉਹ ਛੱਤ ਲਾਈਟਾਂ ਨੇੜੇ ਸਰਵਿਸ ਰੋਡ ’ਤੇ ਆਪਣੀ ਕਾਰ ਵਿੱਚ ਆਰਾਮ ਕਰ ਰਿਹਾ ਸੀ। ਕਰੀਬ ਢਾਈ ਵਜੇ ਤਿੰਨ ਜਣਿਆਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਉਸ ’ਤੇ ਤਲਵਾਰ ਅਤੇ ਚਾਕੂ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਕਾਰ ਖੋਹ ਲਈ ਤੇ ਫ਼ਰਾਰ ਹੋ ਗਏ ਸਨ।
ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀਐੱਸਪੀ (ਡੀ) ਤਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ ਮਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਤੇ ਤੇਜ਼ਧਾਰ ਹਥਿਆਰ ਤੇ ਪੀੜਤ ਕੋਲੋਂ ਖੋਹੀ ਕਾਰ ਵੀ ਬਰਾਮਦ ਕੀਤੀ।