ਤਿੰਨ ਮੁਲਜ਼ਮ ਇੱਕ ਕਿੱਲੋ ਹੈਰੋਇਨ ਸਣੇ ਕਾਬੂ
ਪੱਤਰ ਪ੍ਰੇਰਕ
ਤਰਨ ਤਾਰਨ, 4 ਦਸੰਬਰ
ਇੱਥੋਂ ਦੀ ਪੁਲੀਸ ਨੇ ਦੋ ਥਾਵਾਂ ਤੋਂ ਇਕ ਕਿੱਲੋ ਤੋਂ ਵੱਧ ਹੈਰੋਇਨ ਸਣੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਖੇਮਕਰਨ ਦੀ ਪੁਲੀਸ ਨੇ ਇਲਾਕੇ ਅੰਦਰੋਂ ਦੋ ਜਣਿਆਂ ਨੂੰ 570 ਗਰਾਮ ਹੈਰੋਇਨ, ਇਕ 9 ਐੱਮਐੱਮ ਪਿਸਤੌਲ ਅਤੇ 2.25 ਲੱਖ ਰੁਪਏ ਦੇ ਮੁੱਲ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ। ਇਸ ਤੋਂ ਇਲਾਵਾ ਵਲਟੋਹਾ ਪੁਲੀਸ ਨੇ ਇਕ ਜਣੇ ਨੂੰ 510 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਅਸ਼ਵਨੀ ਕਪੂਰ ਨੇ ਅੱਜ ਇੱਥੇ ਦੱਸਿਆ ਕਿ ਖੇਮਕਰਨ ਪੁਲੀਸ ਨੇ ਮਹਿੰਦੀਪੁਰ ਦੇ ਵਸਨੀਕ ਗੁਰਮੇਜ ਸਿੰਘ ਅਤੇ ਮਸਤਗੜ੍ਹ ਦੇ ਵਸਨੀਕ ਮੇਜਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 570 ਗਰਾਮ ਹੈਰੋਇਨ, 2.25 ਲੱਖ ਰੁਪਏ ਦੇ ਮੁੱਲ ਦੀ ਡਰੱਗ ਮਨੀ ਅਤੇ ਇਕ ਪਿਸਤੌਲ ਬਰਾਮਦ ਕੀਤਾ ਹੈ|
ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਦੋ ਸਾਥੀ ਮਹਿੰਦੀਪੁਰ ਦਾ ਅੰਗਰੇਜ਼ ਸਿੰਘ ਅਤੇ ਅਰਸ਼ਦੀਪ ਸਿੰਘ ਫ਼ਰਾਰ ਚੱਲ ਰਹੇ ਹਨ ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਉਨ੍ਹਾਂ ਦੀਆਂ ਛੁਪਣਗਾਹਾਂ ’ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਐੱਨਡੀਪੀਐੱਸ ਐਕਟ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਥਾਣਾ ਵਲਟੋਹਾ ਦੇ ਐੱਸਐੱਚਓ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਲਾਕੇ ਦੇ ਪਿੰਡ ਸਨਕਤਰਾ ਦੇ ਵਸਨੀਕ ਵਿਸ਼ਾਲਦੀਪ ਸਿੰਘ ਨੂੰ 510 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਬੀਤੀ ਸ਼ਾਮ ਖਾਲੜਾ ਪੁਲੀਸ ਅਤੇ ਬੀਐੱਸਐੱਫ਼ ਨੇ ਪਿੰਡ ਕਲਸੀਆਂ ਖੁਰਦ ਦੇ ਕਿਸਾਨ ਪਾਲ ਸਿੰਘ ਦੇ ਖੇਤਾਂ ਦੀ ਤਲਾਸ਼ੀ ਲਈ ਜਿੱਥੇ ਡਿੱਗਿਆ ਪਿਆ ਇਹ ਡਰੋਨ ਬਰਾਮਦ ਹੋਇਆ।