For the best experience, open
https://m.punjabitribuneonline.com
on your mobile browser.
Advertisement

ਬੈਂਕ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫ਼ਤਾਰ

09:54 AM Apr 09, 2024 IST
ਬੈਂਕ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫ਼ਤਾਰ
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਪਰੈਲ
ਇੱਥੇ ਤਰਨ ਤਾਰਨ ਰੋਡ ’ਤੇ ਇੱਕ ਬੈਂਕ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਅੱਜ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਬੈਂਕ ਵਿੱਚੋਂ ਲੁੱਟੀ ਹੋਈ ਰਕਮ ਵਿੱਚੋਂ 7 ਲੱਖ 70 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਅਤੇ ਇੱਕ ਨਕਲੀ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖਤ ਪੁਲੀਸ ਨੇ ਸੂਰਜ, ਇੰਦਰਜੀਤ ਸਿੰਘ ਉਰਫ ਸਾਜਨ ਅਤੇ ਪ੍ਰਿੰਸ ਉਰਫ ਸ਼ੇਰਾ ਵਜੋਂ ਦੱਸੀ ਹੈ। ਇਹ ਤਿੰਨੋਂ ਹੀ ਸੁਲਤਾਨਵਿੰਡ ਰੋਡ ਦੇ ਇਲਾਕੇ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਇੰਦਰਜੀਤ ਸਿੰਘ ਦੀ ਉਮਰ ਸਿਰਫ 19 ਸਾਲ ਹੈ ਜਦੋਂਕਿ ਸੂਰਜ ਦੀ ਉਮਰ 22 ਸਾਲ ਅਤੇ ਪ੍ਰਿੰਸ ਦੀ ਉਮਰ 32 ਸਾਲ ਹੈ। ਇਸ ਸਬੰਧ ਵਿੱਚ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਪੁਲੀਸ ਨੇ ਬੈਂਕ ਵਿੱਚੋਂ ਲੁੱਟੀ ਲਗਭਗ 12 ਲੱਖ 78 ਹਜ਼ਾਰ ਰੁਪਏ ਦੀ ਨਕਦੀ ਵਿੱਚੋਂ 7 ਲੱਖ 70 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਪੁਆਇੰਟ 30 ਬੋਰ ਅਤੇ ਪੰਜ ਗੋਲੀਆਂ ਅਤੇ ਇੱਕ ਡੰਮੀ ਪਿਸਤੌਲ ਬਰਾਮਦ ਕੀਤੀ ਹੈ।
ਦੱਸਣਯੋਗ ਹੈ ਕਿ 6 ਅਪਰੈਲ ਦੀ ਦੁਪਹਿਰ ਵੇਲੇ ਤਿੰਨ ਵਿਅਕਤੀਆਂ ਵੱਲੋਂ ਤਰਨ ਤਰਨ ਰੋਡ ਸਥਿਤ ਆਈਸੀਆਈਸੀਆਈ ਦੀ ਬੈਂਕ ਸ਼ਾਖਾ ਵਿੱਚ ਦਾਖਲ ਹੋ ਕੇ ਪਿਸਤੌਲ ਦੀ ਨੋਕ ਤੇ ਲਗਭਗ 13 ਲੱਖ ਰੁਪਏ ਦੀ ਨਕਦੀ ਲੁੱਟ ਲਈ ਸੀ ਅਤੇ ਫਰਾਰ ਹੋ ਗਏ ਸਨ । ਪੁਲੀਸ ਨੇ ਇਸ ਸਬੰਧ ਵਿੱਚ ਥਾਣਾ ਬੀ ਡਵੀਜ਼ਨ ਵਿਖੇ ਆਈਪੀਸੀ ਦੀ ਧਾਰਾ 392,506,34 ਅਤੇ ਅਸਲਾ ਐਕਟ ਦੀ ਧਾਰਾ ਹੇਠ ਕੇਸ ਦਰਜ ਕੀਤਾ ਸੀ । ਇਸ ਸੰਬੰਧ ਵਿੱਚ ਬੈਂਕ ਮੈਨੇਜਰ ਮਲਿਕ ਸਿੰਘ ਦੀ ਸ਼ਿਕਾਇਤ ਤੇ ਪੁਲੀਸ ਨੇ ਕੇਸ ਦਰਜ ਕੀਤਾ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਸੂਰਜ ਖਿਲਾਫ਼ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਸੱਤ ਕੇਸ ਦਰਜ ਹਨ ਅਤੇ ਇੰਦਰਜੀਤ ਉਰਫ ਸਾਜਨ ਦੇ ਖਿਲਾਫ ਤਿੰਨ ਕੇਸ ਦਰਜ ਹਨ ਜਦੋਂਕਿ ਪ੍ਰਿੰਸ ਖਿਲਾਫ਼ ਕੋਈ ਵੀ ਕੇਸ ਦਰਜ ਨਹੀਂ ਹੈ।

Advertisement

Advertisement
Advertisement
Author Image

Advertisement