ਪਰਵਾਸੀ ਭਾਰਤੀ ਦੇ ਕਤਲ ਦੇ ਮਾਮਲੇ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 21 ਅਗਸਤ
ਇਕ ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੇ ਕਰਵਾਏ ਗਏ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਥਾਣਾ ਮਹਿਤਪੁਰ ਦੀ ਪੁਲੀਸ ਨੇ 24 ਘੰਟਿਆਂ ’ਚ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦਾਅਵਾ ਡੀਐੱਸਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਡੀਐੱਸਪੀ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਅਮਰੀਕਾ ਵਿਚ ਰਹਿੰਦੇ ਜਰਨੈਲ ਸਿੰਘ (70) ਪੁੱਤਰ ਚੰਨਣ ਸਿੰਘ ਵਾਸੀ ਚੀਮਾ ਬਾਠ ਥਾਣਾ ਬਿਆਸ (ਅੰਮ੍ਰਿਤਸਰ) ਨੇ ਸਰਬਜੀਤ ਕੌਰ (35) ਨਾਲ ਵਿਆਹ ਕਰਵਾਇਆ ਸੀ। ਉਕਤ ਔਰਤ ਦੇ ਫੇਸਫੁੱਕ ਰਾਹੀਂ ਪਿਛਲੇ ਦੋ ਸਾਲ ਤੋਂ ਮਨਮਿੰਦਰ ਸਿੰਘ ਉਰਫ ਬਾਜ ਉਰਫ ਹੈਪੀ ਵਾਸੀ ਢੁੱਡੀਕੇ ਪੱਤੀ ਨੱਥੂਕੇ, ਥਾਣਾ ਅਜੀਤਵਾਲ (ਮੋਗਾ) ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਉਕਤ ਔਰਤ ਨੇ ਆਪਣੇ ਭਤੀਜੇ ਹਰਚਰਨ ਸਿੰਘ ਉਰਫ ਹੈਵੀ ਵਾਸੀ ਚੀਮਾ ਖੁੱਡੀ ਥਾਣਾ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਨਾਲ ਮਿਲ ਕੇ ਜਰਨੈਲ ਸਿੰਘ ਨੂੰ ਰਸਤੇ ਤੋਂ ਹਟਾਊਣ ਦੀ ਯੋਜਨਾ ਬਣਾਈ ਤਾਂ ਜੋ ਉਹ ਆਪਣੇ ਪ੍ਰੇਮੀ ਨਾਲ ਵਿਆਹ ਰਚਾ ਸਕੇ। ਔਰਤ ਦੇ ਪ੍ਰੇਮੀ ਨੇ ਭੁਪਿੰਦਰਪਾਲ ਸਿੰਘ ਉਰਫ ਭਿੰਦਾ ਪੁੱਤਰ ਬੂਟਾ ਸਿੰਘ, ਅਮਰੀਕ ਸਿੰਘ ਉਰਫ ਮੀਕਾ ਵਾਸੀਆਨ ਢੁੱਡੀਕੇ ਪੱਤੀ ਕਪੂਰਾ ਥਾਣਾ ਅਜੀਤਵਾਲ (ਮੋਗਾ) ਅਤੇ ਵਜਿੰਦਰ ਸਿੰਘ ਉਰਫ ਬਿੰਨੀ ਵਾਸੀ ਰੋਮੀ ਥਾਣਾ ਦਾਖਾ (ਲੁਧਿਆਣਾ) ਨੂੰ ਪਰਵਾਸੀ ਭਾਰਤੀ ਜਰਨੈਲ ਸਿੰਘ ਦਾ 16 ਅਗਸਤ ਨੂੰ ਕਤਲ ਕਰ ਕੇ ਲਾਸ਼ ਥਾਣਾ ਮਹਿਤਪੁਰ ਦੇ ਪਿੰਡ ਰਾਏਪੁਰ ਅਰਾਈਆਂ ਨੇੜੇ ਧੁੱਸੀ ਬੰਨ੍ਹ ਦੀਆਂ ਝਾੜੀਆਂ ਵਿੱਚ ਸੁੱਟ ਦਿੱਤੀ ਸੀ। ਐੱਸਐੱਚਓ ਮਹਿਤਪੁਰ ਲਖਵੀਰ ਸਿੰਘ ਨੇ ਇਸ ਸਬੰਧੀ 17 ਅਗਸਤ ਨੂੰ ਕੇਸ ਦਰਜ ਕੀਤਾ ਸੀ।
ਸੋਸ਼ਲ ਮੀਡੀਆ ’ਤੇ ਕਤਲ ਦੀ ਗੱਲ ਕਬੂਲੀ
ਜਲੰਧਰ (ਪਾਲ ਸਿੰਘ ਨੌਲੀ): ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਕਤਲ ਦੀ ਜ਼ਿੰਮੇਵਾਰੀ ਕਬੂਲੀ ਹੈ। ਇੱਥੋਂ ਦੇ ਤੇਜ ਮੋਹਨ ਨਗਰ ’ਚ ਪੁਰਾਣੀ ਰੰਜਿਸ਼ ਦੇ ਕਾਰਨ ਸ਼ਰੇਆਮ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਦੀ ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਵੀਡੀਓ ’ਚ ਗਗਨਦੀਪ ਉਰਫ਼ ਮੰਨਾ ਨਾਂ ਦਾ ਨੌਜਵਾਨ ਕਹਿ ਰਿਹਾ ਸੀ ਕਿ ਉਕਤ ਨੌਜਵਾਨ ਲੱਲੀ ਉਸ ਦੇ ਪਰਿਵਾਰ ਨੂੰ ਤੰਗ ਕਰਦਾ ਸੀ। ਇਸ ਦੀ ਸ਼ਿਕਾਇਤ ਵੀ ਉਸ ਨੇ ਪੁਲੀਸ ਕੋਲ ਕੀਤੀ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੱਲ੍ਹ ਰਾਤ ਲੱਲੀ ਨੇ ਉਸ ਦੀ ਮਾਂ ਨੂੰ ਗਾਲ੍ਹਾਂ ਕੱਢੀਆਂ ਸਨ। ਇਸ ਤੋਂ ਦੁੱਖੀ ਹੋ ਕੇ ਉਸ ਨੇ ਲੱਲੀ ਦਾ ਕਤਲ ਕੀਤਾ ਸੀ।
ਦਸੂਹਾ ਪੁਲੀਸ ਨੇ ਪੰਚ ਦੇ ਕਤਲ ਦੀ ਗੁੱਥੀ ਸੁਲਝਾਈ
ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਪੁਲੀਸ ਨੇ 8 ਅਗਸਤ ਦੀ ਰਾਤ ਨੂੰ ਪਿੰਡ ਰਾਘੋਵਾਲ ਦੇ ਪੰਚ ਅੰਗਰੇਜ਼ ਸਿੰਘ ਪੁੱਤਰ ਰਾਮਜੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਇਸ ਸਬੰਧੀ ਐੱਸਐੱਸਪੀ ਨਵਜੋਤ ਸਿਘ ਮਾਹਲ ਨੇ ਦੱਸਿਆ ਕਿ ਡੀਐੱਸਪੀ ਦਸੂਹਾ ਅਨਿਲ ਕੁਮਾਰ ਭਨੋਟ ਤੇ ਥਾਣਾ ਮੁਖੀ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਇਸ ਕਤਲਕਾਂਡ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨਾਂ ਦੀ ਪਛਾਣ ਜਸਪਾਲ ਸਿੰਘ ਉਰਫ ਜੱਸੀ ਤੇ ਵਰਿੰਦਰਪਾਲ ਸਿੰਘ ਉਰਫ ਬਿੰਦੂ ਦੋਵੇਂ ਵਾਸੀਆਨੇ ਰਾਏ ਚੱਕ, ਥਾਣਾ ਦਸੂਹਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਅੰਗਰੇਜ਼ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਅਤੇ ਦੋਹਾਂ ਧਿਰਾਂ ਖ਼ਿਲਾਫ਼ ਲੜਾਈ-ਝਗੜੇ ਦੇ ਕੇਸ ਵੀ ਦਰਜ ਹਨ।