ਸਵਾ ਕਰੋੜ ਦੀ ਠੱਗੀ ਦੇ ਦੋਸ਼ ਹੇਠ ਤਿੰਨ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਜਨਵਰੀ
ਜ਼ਿਲ੍ਹਾ ਪੁਲੀਸ ਨੇ ਡਿਜੀਟਲ ਅਰੈਸਟ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਸਾਈਬਰ ਅਪਰਾਧ ਕੁਰੂਕਸ਼ੇਤਰ ਦੀ ਟੀਮ ਨੇ ਇਸ ਸਬੰਧੀ ਡੋਡੀਆ ਮੋਹਿਤ ਭਾਈ, ਰੋਲਾ ਅਸ਼ੀਸ਼ ਭਾਈ ਤੇ ਢੋਲਰੀਆ ਅੰਕਿਤ ਵਾਸੀ ਰਾਜਕੋਟ ਗੁਜਰਾਤ ਨੂੰ ਗ੍ਰਿਫ਼ਤਾਰ ਕੀਤਾ।
ਪੁਲੀਸ ਬੁਲਾਰੇ ਨੇ ਦੱਸਿਆ ਕਿ 11 ਜਨਵਰੀ ਨੂੰ ਸਾਈਬਰ ਪੋਰਟਲ ਤੇ ਮਿਲੀ ਸ਼ਿਕਾਇਤ ਵਿਚ ਸੁਸ਼ੀਲ ਗਰਗ ਵਾਸੀ ਸ਼ਾਹਬਾਦ ਨੇ ਦੱਸਿਆ ਕਿ ਉਸ ਨੂੰ ਮੋਬਾਈਲ ਫੋਨ ’ਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਟਰਾਈ ਦਾ ਅਧਿਕਾਰੀ ਦਸਿੱਆ। ਉਸ ਨੂੰ ਦੱਸਿਆ ਕਿ ਉਸ ਦਾ ਫੋਨ ਦੋ ਘੰਟੇ ਵਿੱਚ ਬੰਦ ਹੋ ਜਾਏਗਾ ਕਿਉਂਕਿ ਉਸ ਦਾ ਫੋਨ ਨੰਬਰ ਮਨੀ ਲਾਂਡਰਿੰਗ ਕੇਸ ਵਿੱਚ ਪਾਇਆ ਗਿਆ ਹੈ। ਮਗਰੋਂ ਕਾਲ ਕਰਨ ਵਾਲਾ ਹੋਰ ਵਿਅਕਤੀ ਬੋਲਿਆ ਕਿ ਉਹ ਵਿਜੈ ਖੰਨਾ ਸੀਬੀਆਈ ਮੁੰਬਈ ਤੋਂ ਬੋਲ ਰਿਹਾ ਹੈ ਤੇ ਉਸ ਖ਼ਿਲਾਫ਼ ਮੁੰਬਈ ਪੁਲੀਸ ਸਟੇਸ਼ਨ ਵਿਚ ਮਨੀ ਲਾਂਡਰਿੰਗ ਕੇਸ ਦੀ ਐੱਫਆਰਆਈ ਦਰਜ ਹੈ। ਉਸ ਦੇ ਖਾਤੇ ਵਿੱਚ ਦੋ ਕਰੋੜ ਰੁਪਏ ਜਮ੍ਹਾਂ ਹੋਏ ਹਨ। ਮਗਰੋਂ ਉਸ ਦੇ ਖਾਤੇ ਵਿੱਚੋਂ ਕਰੀਬ ਇਕ ਕਰੋੜ 29 ਲੱਖ 42 ਹਜ਼ਾਰ 870 ਰੁਪਏ ਕਢਵਾ ਲਏ।
ਸ਼ਿਕਾਇਤ ਮਗਰੋਂ ਸਾਈਬਰ ਪੁਲੀਸ ਕੁਰੂਕਸ਼ੇਤਰ ਦੇ ਇੰਚਾਰਜ ਏਐੱਸਆਈ ਸੁਨੀਲ ਕੁਮਾਰ ਦੀ ਟੀਮ ਨੇ ਇਨ੍ਹਾਂ ਤਿੰਨਾਂ ਮੁਲਜ਼ਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ 8 ਰੋਜ਼ਾ ਪੁਲੀਸ ਰਿਮਾਂਡ ਲੈ ਲਿਆ ਹੈ। ਇਸ ਸਬੰਧੀ ਮੁਲਜ਼ਮਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।