ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ
ਨਵੀਂ ਦਿੱਲੀ/ਮੁੰਬਈ, 19 ਅਕਤੂਬਰ
ਭਾਰਤ ਵਿੱਚ ਅੱਜ 30 ਤੋਂ ਵੱਧ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਵਿਚ ਏਅਰ ਇੰਡੀਆ, ਇੰਡੀਗੋ, ਅਕਾਸਾ ਏਅਰ, ਵਿਸਤਾਰਾ, ਸਪਾਈਸਜੈੱਟ, ਸਟਾਰ ਏਅਰ ਅਤੇ ਅਲਾਇੰਸ ਏਅਰ ਦੀਆਂ ਉਡਾਣਾਂ ਸ਼ਾਮਲ ਹਨ। ਇਸ ਹਫ਼ਤੇ ਹੁਣ ਤੱਕ 70 ਦੇ ਕਰੀਬ ਹਵਾਈ ਉਡਾਣਾਂ ਨੂੰ ਧਮਕੀ ਮਿਲੀ ਹੈ ਤੇ ਜਾਂਚ ਕਰਨ ’ਤੇ ਇਨ੍ਹਾਂ ਉਡਾਣਾਂ ਵਿਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਸੂਤਰਾਂ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰ ਤੋਂ 30 ਤੋਂ ਵੱਧ ਉਡਾਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਇਕ ਹਵਾਈ ਉਡਾਣ ਦੇ ਪਖਾਨੇ ਵਿਚ ਨੋਟ ਮਿਲਿਆ ਕਿ ਇਸ ਉਡਾਣ ਵਿਚ ਬੰਬ ਪਿਆ ਹੈ। ਵਿਸਤਾਰਾ ਤੇ ਇੰਡੀਗੋ ਨੇ ਵੀ ਅਜਿਹੀਆਂ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਧਮਕੀਆਂ ਦੇਣ ਵਾਲਿਆਂ ਨੂੰ ਨੋ-ਫਲਾਈ ਸੂਚੀ ਵਿੱਚ ਸ਼ਾਮਲ ਕਰਨਾ ਸ਼ਾਮਲ ਹੈ। ਉਧਰ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਸੀਏਐੱਸ) ਨੇ ਏਅਰਨਾਈਨਾਂ ਦੇ ਸੀਈਓਜ਼ ਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਬੈਠ ਕਰ ਕੇ ਮੁੱਦਾ ਵਿਚਾਰਿਆ ਹੈ। -ਪੀਟੀਆਈ