ਐੱਨਆਰਆਈ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ
ਪੱਤਰ ਪ੍ਰੇਰਕ
ਜਲੰਧਰ, 14 ਸਤੰਬਰ
ਇੰਗਲੈਂਡ ਦੀ ਰਹਿਣ ਵਾਲੀ ਇੱਕ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-6 ਵਿੱਚ ਫਿਲਹਾਲ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਨਆਰਆਈ ਔਰਤ ਨੂੰ ਫੋਨ ’ਤੇ ਕਿਹਾ ਗਿਆ ਕਿ ਉਹ ਆਪਣਾ ਕੇਸ ਵਾਪਸ ਲੈ ਲਵੇ, ਨਹੀਂ ਤਾਂ ਉਸ ਨੂੰ ਤਾਬੂਤ ਵਿੱਚ ਵਿਦੇਸ਼ ਭੇਜਿਆ ਜਾਵੇਗਾ। ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ। ਜਲੰਧਰ ਦੀ ਰਹਿਣ ਵਾਲੀ ਐੱਨਆਰਆਈ ਔਰਤ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ 24 ਅਗਸਤ ਨੂੰ ਉਸ ਦੇ ਯੂਕੇ ਨੰਬਰ ’ਤੇ ਧਮਕੀ ਭਰਿਆ ਕਾਲ ਆਇਆ ਸੀ ਜਿਸ ’ਚ ਦੋਸ਼ੀ ਨੇ ਕਿਹਾ ਕਿ ਉਸ ਕੋਲ ਸਿਰਫ 7 ਦਿਨ ਹਨ, ਅਦਾਲਤ ’ਚ ਚੱਲ ਰਹੇ ਸਾਰੇ ਕੇਸ ਛੇਤੀ ਵਾਪਸ ਲੈ ਲਵੇ। ਨਹੀਂ ਤਾਂ ਉਹ ਡੱਬੇ ਵਿਚ ਵਿਦੇਸ਼ ਪਰਤੇਗੀ। ਫੋਨ’ਤੇ ਧਮਕੀ ਮਿਲਣ ਤੋਂ ਬਾਅਦ ਪੀੜਤਾ ਨੇ ਤੁਰੰਤ ਪੁਲੀਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲੀਸ ਨੇ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਮਾਮਲਾ ਦਰਜ ਕਰ ਲਿਆ।
ਜਲੰਧਰ ਦੇ ਇਕ ਪੌਸ਼ ਇਲਾਕੇ ਦੀ ਰਹਿਣ ਵਾਲੀ ਐੱਨਆਰਆਈ ਔਰਤ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ 45 ਸਾਲ ਹੈ ਅਤੇ ਉਸ ਦੇ ਦੋ ਬੱਚੇ ਹਨ। ਇਹ ਦੋਵੇਂ ਇਸ ਸਮੇਂ ਇੰਗਲੈਂਡ ਵਿੱਚ ਰਹਿੰਦੇ ਹਨ ਅਤੇ ਉਹ ਖੁਦ ਵੀ ਇੰਗਲੈਂਡ ਦੀ ਵਸਨੀਕ ਹੈ। ਚੰਡੀਗੜ੍ਹ ਦੇ ਸੈਕਟਰ-8 ਵਿੱਚ ਉਸ ਦਾ ਆਪਣਾ ਘਰ ਹੈ। ਫਿਲਹਾਲ ਉਹ ਜਲੰਧਰ ’ਚ ਰਹਿ ਰਹੀ ਹੈ। ਪਰਵਾਸੀ ਭਾਰਤੀ ਔਰਤ ਨੇ ਦੱਸਿਆ ਕਿ ਉਸ ਦਾ ਆਪਣੇ ਮਾਤਾ-ਪਿਤਾ ਅਤੇ ਭੈਣ ਤੇ ਜੀਜਾ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਚੰਡੀਗੜ੍ਹ ਸਥਿਤ ਉਸ ਦਾ ਜੱਦੀ ਘਰ ਉਸ ਦੇ ਪਰਿਵਾਰ ਨੇ ਉਸ ਨੂੰ ਬਿਨਾਂ ਦੱਸੇ ਵੇਚ ਦਿੱਤਾ ਸੀ। ਅਜਿਹੇ ਕਰੀਬ 7 ਕੇਸ ਉਸ ਦੀ ਅਦਾਲਤ ਵਿੱਚ ਚੱਲ ਰਹੇ ਹਨ।