ਇਮਰਾਨ ਖ਼ਾਨ ਦੀ ਜਾਨ ਨੂੰ ਖ਼ਤਰਾ: ਬੁਸ਼ਰਾ ਬੀਬੀ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਬੰਦ ਆਪਣੇ ਪਤੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਿਰ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਣਮਨੁੱਖੀ ਹਾਲਾਤ ਵਿੱਚ ਰੱਖਿਆ ਗਿਆ ਹੈ ਅਤੇ ਖਾਣ ਲਈ ਦੂਸ਼ਿਤ ਭੋਜਨ ਦਿੱਤਾ ਜਾਂਦਾ ਹੈ।
‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਸ਼ਨਿਚਰਵਾਰ ਨੂੰ ਜੇਲ੍ਹ ਵਿੱਚ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਬੁਸ਼ਰਾ ਨੇ ਆਪਣੀ ਜਾਨ ਨੂੰ ਵੀ ਖ਼ਤਰਾ ਦੱਸਿਆ ਹੈ। ਬੁਸ਼ਰਾ ਮੁਤਾਬਕ ਉਨ੍ਹਾਂ ਪਿਛਲੀਆਂ ਘਟਨਾਵਾਂ ਦੇ ਮੱਦੇਨਜ਼ਰ ਖ਼ਾਨ ਦੀ ਜ਼ਿੰਦਗੀ ਖਤਰੇ ਵਿੱਚ ਹੈ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕਥਿਤ ਤੌਰ ’ਤੇ ਜ਼ਹਿਰ ਦਿੱਤਾ ਗਿਆ ਅਤੇ ਗੋਲੀ ਮਾਰੀ ਗਈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਨ ਸਬੰਧੀ ਉਨ੍ਹਾਂ ਦੀ ਅਪੀਲ ਦਾ ਅਦਾਲਤ ਨੇ ਅਜੇ ਤੱਕ ਹੱਲ ਨਹੀਂ ਕੀਤਾ ਹੈ। ਜੇਲ੍ਹ ਦੇ ਹਾਲਾਤ ਬਾਰੇ ਬੁਸ਼ਰਾ ਨੇ ਕਿਹਾ ਕਿ 71 ਸਾਲਾ ਖ਼ਾਨ ਨੂੰ ਮਾੜੇ ਹਾਲਾਤ ਵਿੱਚ ਰੱਖਿਆ ਗਿਆ ਹੈ ਅਤੇ ਖਾਣ ਵਾਸਤੇ ਦੂਸ਼ਿਤ ਭੋਜਨ ਦਿੱਤਾ ਜਾਂਦਾ ਹੈ। -ਪੀਟੀਆਈ