ਜਮਹੂਰੀਅਤ ਲਈ ਖ਼ਤਰਾ
ਐਤਵਾਰ ਬਰਾਜ਼ੀਲ ਦੀ ਰਾਜਧਾਨੀ ਬਰਾਸੀਲੀਆ ਵਿਚ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਹਮਾਇਤੀਆਂ ਨੇ ਸੁਪਰੀਮ ਕੋਰਟ, ਸੰਸਦ ਅਤੇ ਰਾਸ਼ਟਰਪਤੀ ਭਵਨ ਵਿਚ ਦਾਖ਼ਲ ਹੋ ਕੇ ਹਿੰਸਾ ਅਤੇ ਲੁੱਟ-ਮਾਰ ਕੀਤੀ। ਉਹ ਖੱਬੇ-ਪੱਖੀ ਆਗੂ ਲੂਈਜ਼ ਈਨਾਸੀਓ ਲੂਲਾ ਡਾ ਸਿਲਵਾ ਦੇ ਰਾਸ਼ਟਰਪਤੀ ਚੁਣੇ ਜਾਣ ਅਤੇ ਸੱਤਾ ਸੰਭਾਲਣ ਦਾ ਵਿਰੋਧ ਕਰ ਰਹੇ ਸਨ। ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਮੁਜ਼ਾਹਰਾਕਾਰੀ ਪੁਲੀਸ ਤੇ ਸੁਰੱਖਿਆ ਬਲਾਂ ਵੱਲੋਂ ਲਾਏ ਬੈਰੀਕੇਡ ਤੋੜ ਕੇ ਸਰਕਾਰੀ ਇਮਾਰਤਾਂ ਵਿਚ ਦਾਖ਼ਲ ਹੋਏ ਤੇ ਵੱਡੀ ਪੱਧਰ ‘ਤੇ ਭੰਨ-ਤੋੜ ਕੀਤੀ। ਉਨ੍ਹਾਂ ਨੇ ਪੁਲੀਸ ਤੇ ਸੁਰੱਖਿਆ ਬਲਾਂ ਦੇ ਹਥਿਆਰ ਵੀ ਖੋਹੇ। ਪੁਲੀਸ ਨੇ ਲਗਭਗ 400 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤ, ਅਮਰੀਕਾ ਅਤੇ ਹੋਰ ਪ੍ਰਮੁੱਖ ਦੇਸ਼ਾਂ ਨੇ ਇਸ ਹਿੰਸਾ ਦੀ ਨਿੰਦਾ ਕਰਦਿਆਂ ਇਸ ਨੂੰ ਜਮਹੂਰੀਅਤ ਲਈ ਖ਼ਤਰਾ ਦੱਸਿਆ ਹੈ।
30 ਅਕਤੂਬਰ 2022 ਨੂੰ ਹੋਈਆਂ ਚੋਣਾਂ ਵਿਚ ਲੂਲਾ ਨੇ ਵਰਕਰਜ਼ ਪਾਰਟੀ ਉਮੀਦਵਾਰ ਵਜੋਂ ਕੰਜ਼ਰਵੇਟਿਵ ਲਬਿਰਲ ਪਾਰਟੀ ਦੇ ਉਮੀਦਵਾਰ ਤੇ ਤਤਕਾਲੀਨ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਹਰਾਇਆ। ਲੂਲਾ ਨੂੰ 50.9 ਫ਼ੀਸਦੀ ਅਤੇ ਬੋਲਸੋਨਾਰੋ ਨੂੰ 49.1 ਫ਼ੀਸਦੀ ਵੋਟਾਂ ਮਿਲੀਆਂ। ਬੋਲਸੋਨਾਰੋ ਨੇ ਵੋਟਾਂ ਵਿਚ ਧਾਂਦਲੀ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਨਾਲ ਛੇੜਖਾਨੀ ਕਰਨ ਦਾ ਦੋਸ਼ ਲਗਾਇਆ। ਉਸ ਨੇ ਹਾਰ ਸਵੀਕਾਰ ਨਾ ਕੀਤੀ ਅਤੇ ਨਵੰਬਰ ਵਿਚ ਉਸ ਦੇ ਹਮਾਇਤੀਆਂ ਨੇ ਉਸ ਦੇ ਹੱਕ ਵਿਚ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ। 12 ਦਸੰਬਰ 2022 ਨੂੰ ਉਨ੍ਹਾਂ ਨੇ ਪੁਲੀਸ ਹੈੱਡਕੁਆਰਟਰ ਸਾਹਮਣੇ ਮੁਜ਼ਾਹਰਾ ਕਰਦਿਆਂ ਭੰਨ-ਤੋੜ ਕੀਤੀ ਅਤੇ ਬੱਸਾਂ ਤੇ ਕਾਰਾਂ ਫੂਕੀਆਂ। ਬੋਲਸੋਨਾਰੋ ਦੀ ਹਕੂਮਤ ਦੌਰਾਨ ਬਰਾਜ਼ੀਲ ਦੇ ਮੂਲ ਵਾਸੀਆਂ ਨੂੰ ਦਬਾਇਆ ਗਿਆ ਅਤੇ ਦੇਸ਼ ਦੇ ਕੁਦਰਤੀ ਖ਼ਜ਼ਾਨੇ, ਜਿਨ੍ਹਾਂ ਵਿਚ ਜੰਗਲ ਵੀ ਸ਼ਾਮਲ ਹਨ, ਦੀ ਲੁੱਟ ਵੱਡੇ ਪੱਧਰ ‘ਤੇ ਵਧੀ। ਬੋਲਸੋਨਾਰੋ ਸੱਜੇ-ਪੱਖੀ ਵਿਚਾਰਧਾਰਾ ਦਾ ਆਗੂ ਹੈ ਅਤੇ ਉਸ ਦੇ ਹਮਾਇਤੀਆਂ ਦੁਆਰਾ ਕੀਤੀ ਗਈ ਕਾਰਵਾਈ ਦੀ ਤੁਲਨਾ 6 ਜਨਵਰੀ 2021 ਵਿਚ ਵਾਸ਼ਿੰਗਟਨ ਵਿਚ ਡੋਨਲਡ ਟਰੰਪ ਦੇ ਹਮਾਇਤੀਆਂ ਦੁਆਰਾ ਕੈਪੀਟਲ ਹਿਲ (ਉਹ ਸਥਾਨ ਜਿੱਥੇ ਅਮਰੀਕਾ ਦੀ ਸੰਸਦ ਹੈ) ਵਿਚ ਕੀਤੀ ਹਿੰਸਾ ਨਾਲ ਕੀਤੀ ਜਾ ਰਹੀ ਹੈ। ਵਾਸ਼ਿੰਗਟਨ ਵਿਚ ਟਰੰਪ ਦੇ ਹਮਾਇਤੀ ਜੋਅ ਬਾਇਡਨ ਦੇ ਰਾਸ਼ਟਰਪਤੀ ਚੁਣੇ ਜਾਣ ਦਾ ਵਿਰੋਧ ਕਰ ਰਹੇ ਸਨ। ਅਮਰੀਕੀ ਸੰਸਦ ਦੀ ਤਫ਼ਤੀਸ਼ ਕਰਨ ਵਾਲੀ ਕਮੇਟੀ ਅਨੁਸਾਰ ਇਹ ਕਾਰਵਾਈ ਟਰੰਪ ਅਤੇ ਉਸ ਦੇ ਹਮਾਇਤੀਆਂ ਦੁਆਰਾ ਕੀਤੀ ਗਈ ਸਾਜ਼ਿਸ਼ ਦਾ ਹਿੱਸਾ ਸੀ। ਇਸ ਲਈ ਅਮਰੀਕਾ ਦੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰਿਪਰੈਜ਼ੈਂਟੇਟਿਵਜ਼) ਵਿਚ ਟਰੰਪ ‘ਤੇ ਮਾਣਹਾਨੀ ਦਾ ਮਤਾ ਵੀ ਪਾਸ ਕੀਤਾ ਗਿਆ ਸੀ ਪਰ ਉਸ ਮਤੇ ਨੂੰ ਉੱਪਰਲੇ ਸਦਨ (ਸੈਨੇਟ) ਵਿਚ ਲੋੜੀਂਦਾ ਦੋ-ਤਿਹਾਈ ਬਹੁਮਤ ਨਹੀਂ ਸੀ ਮਿਲਿਆ।
ਲੂਲਾ ਟਰੇਡ ਯੂਨੀਅਨ ਆਗੂ ਰਿਹਾ ਹੈ ਅਤੇ ਉਹ 2002 ਤੇ 2006 ਵਿਚ ਰਾਸ਼ਟਰਪਤੀ ਚੁਣਿਆ ਗਿਆ ਸੀ; ਦੋਵੇਂ ਵਾਰ ਉਸ ਨੂੰ 60 ਫ਼ੀਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ। ਮਾਹਿਰਾਂ ਦਾ ਕਿਆਸ ਸੀ ਕਿ 2022 ਵਿਚ ਵੀ ਉਹ ਬੋਲਸੋਨਾਰੋ ਤੋਂ 17 ਫ਼ੀਸਦੀ ਵੱਧ ਵੋਟਾਂ ਲਵੇਗਾ ਪਰ ਉਹ ਸਿਰਫ਼ 1.8 ਫ਼ੀਸਦੀ ਵੋਟਾਂ ਦੇ ਅੰਤਰ ਨਾਲ ਜਿੱਤਿਆ। ਬੋਲਸੋਨਾਰੋ ਨੇ ਆਪਣੀ ਹਕੂਮਤ ਵਿਚ ਫ਼ੌਜੀ ਅਫ਼ਸਰਾਂ ਨੂੰ ਵੱਡੇ ਅਹੁਦੇ ਦਿੱਤੇ ਸਨ। ਉਸ ਦੇ ਹਮਾਇਤੀਆਂ ਵਿਚ ਬਹੁਗਿਣਤੀ ਕੱਟੜਪੰਥੀ ਗੋਰਿਆਂ ਦੀ ਹੈ। ਉਸ ਦੇ ਰਾਜਕਾਲ ਦੌਰਾਨ ਅਪਰਾਧਾਂ ਵਿਚ ਵੱਡਾ ਵਾਧਾ ਹੋਇਆ। ਉਹ ਅਫ਼ਰੀਕੀ ਮੂਲ ਦੇ ਲੋਕਾਂ ਵਿਰੁੱਧ ਜ਼ਹਿਰੀਲੀ ਭਾਸ਼ਾ ਵਰਤਦਾ ਅਤੇ ਫ਼ੌਜੀ ਤਾਨਾਸ਼ਾਹੀ ਦਾ ਹਮਾਇਤੀ ਹੈ। ਉਹ ਸਨਅਤਾਂ ਦੇ ਨਿੱਜੀਕਰਨ ਦਾ ਸਮਰਥਨ ਕਰਦਾ ਹੈ। ਉਸ ਨੇ ਇਸ ਹਿੰਸਾ ਦੀ ਨਿੰਦਾ ਤਾਂ ਕੀਤੀ ਹੈ ਪਰ ਨਾਲ ਹੀ ਇਹ ਕਿਹਾ ਹੈ ਕਿ ਜਮਹੂਰੀਅਤ ਵਿਚ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਮੁਜ਼ਾਹਰੇ ਕਰਨ ਦਾ ਅਧਿਕਾਰ ਹੈ। ਸ਼ਾਂਤਮਈ ਢੰਗ ਨਾਲ ਵਿਰੋਧ ਕਰਨਾ ਤਾਂ ਸੱਚਮੁੱਚ ਜਮਹੂਰੀ ਅਧਿਕਾਰ ਹੈ ਪਰ ਇਹ ਕਰਦਿਆਂ ਜਮਹੂਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਤੋਂ ਸੱਤਾ ਹਥਿਆਉਣ ਦਾ ਯਤਨ ਕਰਨਾ, ਗ਼ੈਰ-ਜਮਹੂਰੀ ਹੈ। ਬੋਲਸੋਨਾਰੋ ਇਸ ਸਮੇਂ ਅਮਰੀਕਾ ਦੇ ਫਲੋਰਿਡਾ ਸੂਬੇ ਵਿਚ ਹੈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਅਤੇ ਇਸ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਜੋਕੁਇਨ ਕਾਸਟਰੋ ਨੇ ਮੰਗ ਕੀਤੀ ਹੈ ਕਿ ਬੋਲਸੋਨਾਰੋ ਨੂੰ ਵਾਪਸ ਬਰਾਜ਼ੀਲ ਭੇਜਿਆ ਜਾਵੇ। ਕਾਸਟਰੋ ਅਨੁਸਾਰ, ”ਅਮਰੀਕਾ ਇਸ ਤਾਨਾਸ਼ਾਹ, ਜਿਸ ਨੇ ਬਰਾਜ਼ੀਲ ਵਿਚ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕੀਤਾ, ਦੀ ਪਨਾਹਗਾਹ ਨਹੀਂ ਬਣਨਾ ਚਾਹੀਦਾ।” ਅੰਤਰਰਾਸ਼ਟਰੀ ਭਾਈਚਾਰੇ ਨੂੰ ਬੋਲਸੋਨਾਰੋ ਦੇ ਇਸ ਵਤੀਰੇ ਅਤੇ ਉਸ ਦੇ ਹਮਾਇਤੀਆਂ ਦੁਆਰਾ ਕੀਤੀ ਗਈ ਇਸ ਕਾਰਵਾਈ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।