For the best experience, open
https://m.punjabitribuneonline.com
on your mobile browser.
Advertisement

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

08:25 PM Jun 23, 2023 IST
ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ
Advertisement

ਮੁੰਬਈ, 9 ਜੂਨ

Advertisement

ਮੁੱਖ ਅੰਸ਼

  • ਪੁਲੀਸ ਵੱਲੋਂ ਐੱਫਆਈਆਰ ਦਰਜ
  • ਐੱਨਸੀਪੀ ਵੱਲੋਂ ਵਰਕਰਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ

ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੇ ਪਾਰਟੀ ਆਗੂ ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ‘ਤੇ ‘ਜਾਨੋਂ ਮਾਰਨ ਦੀ ਧਮਕੀ’ ਮਿਲਣ ਦਾ ਦਾਅਵਾ ਕੀਤਾ ਹੈ। ਪਾਰਟੀ ਮੁਤਾਬਕ ਧਮਕੀ ਦੇਣ ਵਾਲੇ ਨੇ ਫੇਸਬੁੱਕ ‘ਤੇ ਲਿਖਿਆ ਕਿ ‘ਜਲਦੀ ਹੀ ਪਵਾਰ ਦਾ ਹਸ਼ਰ ਵੀ ਅੰਧ-ਵਿਸ਼ਵਾਸ ਖਿਲਾਫ਼ ਲੜਾਈ ਲੜਨ ਵਾਲੇ ਕਾਰਕੁਨ ਨਰੇਂਦਰ ਦਾਭੋਲਕਰ ਵਰਗਾ ਹੋਵੇਗਾ।’ ਪਾਰਟੀ ਨੇ ਪਵਾਰ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਵਰਕਰਾਂ ਨੂੰ ‘ਹਰ ਕੀਮਤ ‘ਤੇ ਸ਼ਾਂਤੀ’ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਪਵਾਰ ਦੀ ਧੀ ਤੇ ਲੋਕ ਸਭਾ ਮੈਂਬਰ ਸੁਪ੍ਰਿਆ ਸੂਲੇ ਦੀ ਅਗਵਾਈ ‘ਚ ਐੱਨਸੀਪੀ ਵਰਕਰਾਂ ਦੇ ਵਫ਼ਦ ਨੇ ਮੁੰਬਈ ਪੁਲੀਸ ਦੇ ਮੁਖੀ ਵਿਵੇਕ ਫਨਸਾਲਕਰ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ, ਜਿਸ ਮਗਰੋਂ ਮੁੰਬਈ ਪੁਲੀਸ ਨੇ ਐੱਫਆਈਆਰ ਦਰਜ ਕਰ ਲਈ ਹੈ। ਉਧਰ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੇ ਵਿਧਾਇਕ ਭਰਾ ਸੁਨੀਲ ਰਾਊਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਇਸ ਧਮਕੀ ਨੂੰ ਗੰਭੀਰਤਾ ਨਾਲ ਲਏ। ਉਨ੍ਹਾਂ ਕਿਹਾ ਕਿ ਜਾਨੋਂ ਮਾਰਨ ਦੀ ਧਮਕੀ ਵਿਰੋਧੀ ਧਿਰਾਂ ‘ਚ ਖੌਫ਼ ਪੈਦਾ ਕਰਨ ਦਾ ਯਤਨ ਹੈ।

ਐੱਨਸੀਪੀ ਆਗੂਆਂ ਨੇ ਪੁਲੀਸ ਨੂੰ ਦੱਸਿਆ ਕਿ 82 ਸਾਲਾ ਪਵਾਰ ਨੂੰ ਸੋਸ਼ਲ ਮੀਡੀਆ ‘ਤੇ ਮਿਲੇ ਸੁਨੇਹੇ ਵਿੱਚ ਲਿਖਿਆ ਹੈ ਕਿ ”ਜਲਦੀ ਹੀ ਉਨ੍ਹਾਂ ਦਾ ਵੀ ਨਰੇਂਦਰ ਦਾਭੋਲਕਰ ਵਾਲਾ ਹਸ਼ਰ ਹੋਵੇਗਾ।” ਦਾਭੋਲਕਰ, ਜੋ ਅੰਧ-ਵਿਸ਼ਵਾਸ ਖਿਲਾਫ਼ ਲੜਾਈ ਲੜਦੇ ਰਹੇ, ਦੀ ਦੋ ਬਾਈਕ ਸਵਾਰ ਹਮਲਾਵਰਾਂ ਨੇ 20 ਅਗਸਤ 2013 ਨੂੰ ਪੁਣੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦਾਭੋਲਕਰ ਉਸ ਮੌਕੇ ਸਵੇਰ ਦੀ ਸੈਰ ਕਰ ਰਹੇ ਸਨ। ਸੂਲੇ ਨੇ ਪੁਲੀਸ ਨੂੰ ਮੌਤ ਦੀ ਧਮਕੀ ਦੇ ਸਕਰੀਨਸ਼ਾਟ ਪ੍ਰਿੰਟ ਵੀ ਸੌਂਪੇ ਹਨ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ”ਅਸੀਂ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਐੱਨਸੀਪੀ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਆਪਣਾ ਨੁਮਾਇੰਦਾ ਭੇਜਿਆ ਹੈ। ਪੁਲੀਸ ਨੇ ਦੱਖਣੀ ਖੇਤਰ ਸਾਈਬਰ ਪੁਲੀਸ ਥਾਣੇ ਵਿੱਚ ਐੱਫਆਈਆਰ ਦਰਜ ਕਰਨ ਦੀ ਤਿਆਰੀ ਕਰ ਲਈ ਹੈ।”

ਉਧਰ ਸੀਨੀਅਰ ਐੱਨਸੀਪੀ ਆਗੂ ਅਜੀਤ ਪਵਾਰ ਨੇ ਕਿਹਾ ਕਿ ਧਮਕੀ ਵਾਲਾ ਸੁਨੇਹਾ ਸੌਰਵ ਪਿੰਪਾਲਕਰ ਨਾਂ ਦੇ ਸ਼ਖ਼ਸ ਵੱਲੋਂ ਭੇਜਿਆ ਗਿਆ ਹੈ, ਜਿਸ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਮੁਤਾਬਕ ਉਹ ਭਾਜਪਾ ਦਾ ਹਮਾਇਤੀ ਹੈ। ਅਜੀਤ ਪਵਾਰ ਨੇ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਕਰਨ ਦੀ ਥਾਂ ਵਿਅਕਤੀ ਵਿਸ਼ੇਸ਼ ਨੂੰ ਵਿਚਾਰਧਾਰਕ ਲੜਾਈ ਗੌਰਵਮਈ ਤਰੀਕੇ ਨਾਲ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਮੰਚਾਂ ਦੀ ਸਿਆਸੀ ਆਗੂਆਂ ਦੀ ਦਿੱਖ ਨੂੰ ਵਿਗਾੜਨ, ਫ਼ਰਜ਼ੀ ਖ਼ਬਰਾਂ ਪਾਉਣ ਤੇ ਸਮਾਜ ਵਿੱਚ ਵੰਡੀਆਂ ਪਾਉਣ ਲਈ ਮਿੱਥ ਕੇ ਵਰਤੋਂ ਕੀਤੀ ਜਾ ਰਹੀ ਹੈ।ਪਾਰਟੀ ਤਰਜਮਾਨ ਮਹੇਸ਼ ਤਾਪਸੇ ਨੇ ਕਿਹਾ ਕਿ ‘ਪਵਾਰ ਸਾਹਿਬ’ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਪਤਾ ਲੱਗਦੇ ਹੀ ਐੱਨਸੀਪੀ ਵਰਕਰਾਂ ਨੇ ਸੀਨੀਅਰ ਆਗੂਆਂ ਨੂੰ ਫੋਨ ਕਰਕੇ ਪਵਾਰ ਦੀ ਸੁਰੱਖਿਆ ਬਾਰੇ ਪੁੱਛਿਆ। -ਪੀਟੀਆਈ

ਧਮਕੀ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ: ਸ਼ਿੰਦੇ

ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਨੂੰ ਸੰਜੀਦਗੀ ਨਾਲ ਲੈ ਰਹੀ ਹੈ। ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੁੱਖ ਮੰਤਰੀ ਨੇ ਪਵਾਰ ਨੂੰ ‘ਸੀਨੀਅਰ ਸਤਿਕਾਰਤ ਆਗੂ’ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਲਈ ਹਰ ਲੋੜੀਂਦੀ ਸਾਵਧਾਨੀ ਵਰਤੀ ਜਾਵੇਗੀ। ਸ਼ਿੰਦੇ ਨੇ ਕਿਹਾ ਕਿ ਪੁਲੀਸ ਅਥਾਰਿਟੀਜ਼ ਨੂੰ ਲੋੜ ਪੈਣ ‘ਤੇ ਪਵਾਰ ਦੀ ਸੁਰੱਖਿਆ ਵਧਾਉਣ ਲਈ ਆਖ ਦਿੱਤਾ ਗਿਆ ਹੈ। ਉਧਰ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਧਮਕਾਉਣ ਤੇ ਸੋਸ਼ਲ ਮੀਡੀਆ ‘ਤੇ ਮਰਿਆਦਾ ਉਲੰਘਣਾ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। -ਪੀਟੀਆਈ

Advertisement
Advertisement
Advertisement
×