ਦੇਸ਼ ਦੀਆਂ 30 ਤੋਂ ਵੱਧ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਵੀਂ ਦਿੱਲੀ/ਮੁੰਬਈ, 19 ਅਕਤੂਬਰ
Bomb threats: ਭਾਰਤ ਵਿੱਚ ਅੱਜ 30 ਤੋਂ ਵੱਧ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਵਿਚ ਏਅਰ ਇੰਡੀਆ, ਇੰਡੀਗੋ, ਅਕਾਸਾ ਏਅਰ, ਵਿਸਤਾਰਾ, ਸਪਾਈਸਜੈੱਟ, ਸਟਾਰ ਏਅਰ ਅਤੇ ਅਲਾਇੰਸ ਏਅਰ ਦੀਆਂ ਉਡਾਣਾਂ ਸ਼ਾਮਲ ਹਨ। ਇਸ ਹਫ਼ਤੇ ਹੁਣ ਤੱਕ 70 ਦੇ ਕਰੀਬ ਹਵਾਈ ਉਡਾਣਾਂ ਨੂੰ ਧਮਕੀ ਮਿਲੀ ਹੈ ਤੇ ਜਾਂਚ ਕਰਨ ’ਤੇ ਇਨ੍ਹਾਂ ਉਡਾਣਾਂ ਵਿਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਸੂਤਰਾਂ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰ ਤੋਂ 30 ਤੋਂ ਵੱਧ ਉਡਾਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਇਕ ਹਵਾਈ ਉਡਾਣ ਦੇ ਪਖਾਨੇ ਵਿਚ ਨੋਟ ਮਿਲਿਆ ਕਿ ਇਸ ਉਡਾਣ ਵਿਚ ਬੰਬ ਪਿਆ ਹੈ। ਵਿਸਤਾਰਾ ਨੇ ਕਿਹਾ ਕਿ ਉਸ ਦੀਆਂ ਪੰਜ ਕੌਮਾਂਤਰੀ ਉਡਾਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਬੰਬ ਧਮਾਕੇ ਕਰਨ ਦੀ ਧਮਕੀ ਮਿਲੀ ਹੈ ਜਦਕਿ ਇੰਡੀਗੋ ਨੇ ਕਿਹਾ ਕਿ ਉਸ ਦੀਆਂ ਚਾਰ ਉਡਾਣਾਂ ਵਿਚ ਬੰਬ ਹੋਣ ਬਾਰੇ ਸੰਦੇਸ਼ ਮਿਲਿਆ।
ਵਿਸਤਾਰਾ ਦੀਆਂ ਪੰਜ ਉਡਾਣਾਂ ਯੂਕੇ 106 (ਸਿੰਗਾਪੁਰ ਤੋਂ ਮੁੰਬਈ), ਯੂਕੇ 027 (ਮੁੰਬਈ ਤੋਂ ਫਰੈਂਕਫਰਟ), ਯੂਕੇ 107 (ਮੁੰਬਈ ਤੋਂ ਸਿੰਗਾਪੁਰ), ਯੂਕੇ 121 (ਦਿੱਲੀ ਤੋਂ ਬੈਂਕਾਕ) ਅਤੇ ਯੂਕੇ 131 (ਮੁੰਬਈ ਤੋਂ ਕੋਲੰਬੋ) ਨੂੰ ਧਮਕੀਆਂ ਮਿਲੀਆਂ। ਇੰਡੀਗੋ ਦੀਆਂ 6 ਈ17 (ਮੁੰਬਈ ਤੋਂ ਇਸਤਾਂਬੁਲ), 6 ਈ 11 (ਦਿੱਲੀ ਤੋਂ ਇਸਤਾਂਬੁਲ), 6 ਈ 184 (ਜੋਧਪੁਰ ਤੋਂ ਦਿੱਲੀ) ਅਤੇ 6 ਈ 108 (ਹੈਦਰਾਬਾਦ ਤੋਂ ਚੰਡੀਗੜ੍ਹ) ਉਡਾਣਾਂ ਨੂੰ ਧਮਕੀਆਂ ਮਿਲੀਆਂ।
ਪੀਟੀਆਈ
ਬੰਬ ਧਮਕੀਆਂ ਨਾਲ ਨਜਿੱਠਣ ਲਈ ਸਖਤ ਨਿਯਮ ਬਣਾਏਗਾ ਹਵਾਬਾਜ਼ੀ ਮੰਤਰਾਲਾ
ਬੰਬ ਧਮਕੀਆਂ ਮਿਲਣ ਮਗਰੋਂ ਅੱਜ ਛੇ ਉਡਾਣਾਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੀਆਂ। ਇਨ੍ਹਾਂ ਹਵਾਈ ਜਹਾਜ਼ਾਂ ਦੀ ਜਾਂਚ ਕੀਤੀ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਾ ਮਿਲੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਧਮਕੀਆਂ ਦੇਣ ਵਾਲਿਆਂ ਨੂੰ ਨੋ-ਫਲਾਈ ਸੂਚੀ ਵਿੱਚ ਸ਼ਾਮਲ ਕਰਨਾ ਸ਼ਾਮਲ ਹੈ।