ਭਾਰਤੀ ਏਅਰਲਾਈਨਜ਼ ਦੀਆਂ 25 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਮੁੰਬਈ/ਨਵੀਂ ਦਿੱਲੀ: ਭਾਰਤ ਏਅਰਲਾਈਨਜ਼ ਦੀਆਂ 25 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਨ੍ਹਾਂ ’ਚ ਇੰਡੀਗੋ, ਵਿਸਤਾਰਾ ਤੇ ਏਅਰ ਇੰਡੀਆ ਦੀਆਂ 6-6 ਉਡਾਣਾਂ ਸ਼ਾਮਲ ਹਨ। ਇੰਡੀਗੋ ਨੇ ਦੱਸਿਆ ਕਿ ਉਸ ਦੀਆਂ ਉਡਾਣਾਂ 6ਈ58 (ਜੇਦਾਹ ਤੋਂ ਮੁੰਬਈ), 6ਈ87 (ਕੋਜ਼ੀਕੋਡ ਤੋਂ ਦਮਨ), 6ਈ11 (ਦਿੱਲੀ ਤੋਂ ਇਸਤਾਂਬੁਲ), 6ਈ17 (ਮੁੰਬਈ ਤੋਂ ਇਸਤਾਂਬੁਲ), 6ਈ133 (ਪੁਣੇ ਤੋਂ ਜੋਧਪੁਰ) ਅਤੇ 6ਈ112 (ਗੋਆ ਤੋਂ ਅਹਿਮਦਾਬਾਦ) ਨੂੰ ਬੰਬ ਦੀ ਧਮਕੀ ਮਿਲੀ ਹੈ। ਵਿਸਤਾਰਾ ਨੇ ਦੱਸਿਆ ਕਿ ਉਸ ਦੀਆਂ ਛੇ ਉਡਾਣਾਂ ਯੂਕੇ25 (ਦਿੱਲੀ ਤੋਂ ਫਰੈਂਕਫਰਟ), ਯੂਕੇ106 (ਸਿੰਗਾਪੁਰ ਤੋਂ ਮੁੰਬਈ), ਯੂਕੇ146 (ਬਾਲੀ ਤੋਂ ਦਿੱਲੀ), ਯੂਕੇ116 (ਸਿੰਗਾਪੁਰ ਤੋਂ ਦਿੱਲੀ), ਯੂਕੇ110 (ਸਿੰਗਾਪੁਰ ਤੋਂ ਪੁਣੇ) ਤੇ ਯੂਕੇ107 (ਮੁੰਬਈ ਤੋਂ ਸਿੰਗਾਪੁਰ) ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਦਿੱਤੀ ਗਈ ਹੈ। ਵਿਸਤਾਰਾ ਨੇ ਕਿਹਾ, ‘ਪ੍ਰੋਟੋਕੋਲ ਅਨੁਸਾਰ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਸੁਰੱਖਿਆ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।’ ਇਸੇ ਤਰ੍ਹਾਂ ਅਕਾਸਾ ਏਅਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਉਸ ਦੀਆਂ ਕੁਝ ਉਡਾਣਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ। ਇਸੇ ਦੌਰਾਨ ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੀਆਂ 6 ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ ਪਰ ਕੰਪਨੀ ਵੱਲੋਂ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹੁਣ ਤੱਕ 100 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। -ਪੀਟੀਆਈ