ਤਿੰਨ ਦਿਨਾਂ ’ਚ 19 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਮੁੰਬਈ/ਨਵੀਂ ਦਿੱਲੀ:
ਲੰਘੇ ਤਿੰਨ ਦਿਨਾਂ ’ਚ 19 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਅਤੇ ਧਮਕੀ ਕਾਰਨ ਇੰਡੀਗੋ ਦੀ ਰਿਆਧ ਜਾਣ ਵਾਲੀ ਇੱਕ ਉਡਾਣ ਮਸਕਟ ਵੱਲ ਮੋੜ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਅੱਜ ਸੱਤ ਹੋਰ ਜਹਾਜ਼ਾਂ ’ਚ ਬੰਬ ਹੋਣ ਦੀ ਧਮਕੀ ਮਿਲੀ ਸੀ ਹਾਲਾਂਕਿ ਸਾਰੀਆਂ ਧਮਕੀਆਂ ਅਫਵਾਹ ਸਾਬਤ ਹੋਈਆਂ ਹਨ। ਦਿੱਲੀ ਪੁਲੀਸ ਨੇ ਕਈ ਘਰੇਲੂ ਤੇ ਕੌਮਾਂਤਰੀ ਉਡਾਣਾਂ ’ਚ ਬੰਬ ਹੋਣ ਦੀ ਧਮਕੀ ਸਬੰਧੀ ਆਈਜੀਆਈ ਹਵਾਈ ਅੱਡਾ ਥਾਣੇ ’ਚ ਐੱਫਆਈਆਰ ਦਰਜ ਕਰਕੇ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਅੱਜ ਇੰਡੀਗੋ ਦੀਆਂ ਚਾਰ ਉਡਾਣਾਂ, ਸਪਾਈਜੈੱਟ ਦੀਆਂ ਦੋ ਅਤੇ ਆਕਾਸਾ ਏਅਰ ਦੀ ਇੱਕ ਉਡਾਣ ’ਚ ਬੰਬ ਹੋਣ ਦੀ ਧਮਕੀ ਮਿਲੀ। ਮੰਗਲਵਾਰ ਦੇਰ ਰਾਤ ਵਿਸਤਾਰਾ ਤੇ ਏਅਰ ਇੰਡੀਆ ਐਕਸਪ੍ਰੈੱਸ ਦੀ ਵੀ ਇੱਕ-ਇੱਕ ਉਡਾਣ ’ਚ ਬੰਬ ਹੋਣ ਦੀ ਧਮਕੀ ਮਿਲੀ ਸੀ। ਏਅਰ ਇੰਡੀਆ ਨੇ ਇਸ ਘਟਨਾਕ੍ਰਮ ਸਬੰਧੀ ਹਾਲੇ ਕੋਈ ਟਿੱਪਣੀ ਨਹੀਂ ਕੀਤੀ। ਸੋਮਵਾਰ ਨੂੰ ਤਿੰਨ ਉਡਾਣਾਂ ’ਚ ਬੰਬ ਹੋਣ ਦੀ ਧਮਕੀ ਮਿਲੀ ਸੀ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਕਿ ਕਾਨੂੰਨੀ ਏਜੰਸੀਆਂ ਵੱਲੋਂ ਮਾਮਲਿਆਂ ਦੀ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ