ਮੈਡੀਕਲ ਸਟੋਰ ਮਾਲਕ ਤੋਂ ਹਜ਼ਾਰਾਂ ਰੁਪਏ ਲੁੱਟੇ
ਜਸਬੀਰ ਸਿੰਘ ਚਾਨਾ
ਫਗਵਾੜਾ, 27 ਅਗਸਤ
ਦੇਰ ਰਾਤ ਇਥੋਂ ਦੇ ਹਰਗੋਬਿੰਦ ਨਗਰ ਵਿੱਚ ਲੁਟੇਰਿਆਂ ਨੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਪਿਸਤੌਲ ਨਾਲ ਡਰਾ ਕੇ ਉਸ ਕੋਲੋਂ ਹਜ਼ਾਰਾ ਰੁਪਏ ਨਕਦੀ ਲੁੱਟ ਲਈ। ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਚ ਬੈਠ ਹੋਇਆ ਸੀ, ਜਿਸ ਦੌਰਾਨ ਲਗਪਗ 9.25 ਵਜੇ ਤਿੰਨ ਨੌਜਵਾਨ ਪਲਸਰ ਮੋਟਰਸਾਈਕਲ ’ਤੇ ਆਏ ਪਿਸਤੌਲ ਨਾਲ ਡਰਾ ਕੇ ਉਸ ਕੋਲੋਂ ਲਗਪਗ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਨੇ ਪਹਿਲਾਂ ਲੁਟੇਰਿਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਪਿਸਤੌਲ ਦਿਖਾ ਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸਪੀ. ਫਗਵਾੜਾ ਰੁਪਿੰਦਰ ਕੌਰ ਭੱਟੀ, ਡੀਐਸਪੀ ਜਸਪ੍ਰੀਤ ਸਿੰਘ, ਐੱਸਐੱਚਓ ਸਿਟੀ ਜਤਿੰਦਰ ਕੁਮਾਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਸਬੰਧੀ ਜਾਣਕਾਰੀ ਲਈ। ਐੱਸਐੱਚਓ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੁਕਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਲੁੱਟ-ਖੋਹ ਦੇ ਦੋਸ਼ ਹੇਠ ਤਿੰਨ ਮੁਲਜ਼ਮ ਕਾਬੂ
ਤਰਨ ਤਾਰਨ (ਪੱਤਰ ਪ੍ਰੇਰਕ): ਸਰਹਾਲੀ ਪੁਲੀਸ ਨੇ ਇਲਾਕੇ ਅੰਦਰ ਲੁੱਟ-ਖੋਹ ਤੇ ਚੋਰੀ ਆਦਿ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਬੀਤੇ ਕਲ ਗਰਿਫਤਾਰ ਕੀਤਾ ਹੈ| ਏਐੱਸਆਈ ਅਮਰਜੀਤ ਸਿੰਘ ਨੇ ਅੱਜ ਦੱਸਿਆ ਕਿ ਲੁਟੇਰਿਆਂ ਦੀ ਸਨਾਖਤ ਨੌਸ਼ਹਿਰਾ ਪੰਨੂੰਆਂ ਵਾਸੀ ਹਰਭਿੰਦਰ ਸਿੰਘ, ਸੁਖਚੈਨ ਸਿੰਘ ਤੇ ਸ਼ੇਰੋਂ ਪਿੰਡ ਦੇ ਵਾਸੀ ਸੁਖਚੈਨ ਸਿੰਘ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਹੋਰ ਦੱਸਿਆ ਕਿ ਲੁਟੇਰਿਆਂ ਨੇ ਸੋਮਵਾਰ ਨੂੰ ਪਿੰਡ ’ਚ ਬਾਬਾ ਮਹੂ ਦੀ ਸਮਾਧ ਨੇੜੇ ਸੈਰ ਕਰਦੇ ਪਿੰਡ ਵਾਸੀ ਅਜੈਬ ਸਿੰਘ ਅਤੇ ਬਹਾਦਰ ਸਿੰਘ ਨੂੰ ਜ਼ਖ਼ਮੀ ਕਰਨ ਉਪਰੰਤ ਉਨ੍ਹਾਂ ਤੋਂ 500 ਰੁਪਏ ਖੋਹ ਲਏ ਅਤੇ ਸਮਾਧ ਤੋਂ ਸਟੈਂਡ ਵਾਲਾ ਪੱਖਾ ਵੀ ਚੋਰੀ ਕਰਕੇ ਲੈ ਗਏ ਸਨ| ਉਨ੍ਹਾਂ ਦੱਸਿਅ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਕਰਕੇ ਪੱਖਾ ਬਰਾਮਦ ਕਰ ਲਿਆ ਹੈ|