ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਚੋਂ ਹਜ਼ਾਰਾਂ ਲੋਕ ਰੁਖ਼ਸਤ
ਲੋਕਾਂ ’ਚ ਡਰ ਦਾ ਮਾਹੌਲ; ਹਮਾਸ ਉੱਤੇ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਦੋਸ਼
ਦੀਰ ਅਲ-ਬਾਲਾਹ, 13 ਨਵੰਬਰ
ਇਜ਼ਰਾਇਲੀ ਫ਼ੌਜ ਅਤੇ ਹਮਾਸ ਵਿਚਾਲੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫ਼ਾ ਦੇ ਬਾਹਰ ਆਹਮੋ-ਸਾਹਮਣੇ ਦੀ ਲੜਾਈ ਕਾਰਨ ਹਜ਼ਾਰਾਂ ਲੋਕ ਉਥੋਂ ਸੁਰੱਖਿਅਤ ਥਾਂ ਵੱਲ ਚਲੇ ਗਏ ਹਨ। ਫਲਸਤੀਨੀ ਸਿਹਤ ਅਧਿਕਾਰੀਆਂ ਮੁਤਾਬਕ ਬਜਿਲੀ ਨਾ ਹੋਣ ਕਾਰਨ ਦਰਜਨਾਂ ਬੱਚਿਆਂ ਸਮੇਤ ਸੈਂਕੜੇ ਮਰੀਜ਼ਾਂ ਦੀ ਜਾਨ ਖ਼ਤਰੇ ’ਚ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਲਗਾਤਾਰ ਗੋਲਾਬਾਰੀ ਹੋ ਰਹੀ ਹੈ। ਉਂਜ ਫ਼ੌਜ ਨੇ ਕਿਹਾ ਹੈ ਕਿ ਉਨ੍ਹਾਂ ਹਸਪਤਾਲ ਨੇੜੇ 300 ਲਿਟਰ ਈਂਧਣ ਰੱਖਿਆ ਹੈ ਤਾਂ ਜੋ ਜੈਨਰੇਟਰ ਚੱਲ ਸਕਣ ਪਰ ਹਮਾਸ ਦੇ ਅਤਿਵਾਦੀ ਅਮਲੇ ਨੂੰ ਉਥੇ ਜਾਣ ਨਹੀਂ ਦੇ ਰਹੇ। ਸਿਹਤ ਮੰਤਰਾਲੇ ਨੇ ਕਿਹਾ ਕਿ ਈਂਧਣ ਬਹੁਤ ਘੱਟ ਹੈ ਅਤੇ ਇਸ ਨਾਲ ਤਾਂ ਸਿਰਫ਼ ਇਕ ਘੰਟੇ ਦੀ ਹੀ ਬਜਿਲੀ ਮਿਲੇਗੀ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰਸ ਅਧਾਨੌਮ ਗੈਬ੍ਰਿਸਿਸ ਨੇ ਕਿਹਾ ਕਿ ਸ਼ਿਫ਼ਾ ਹਸਪਤਾਲ ’ਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਨਹੀਂ ਹੈ ਅਤੇ ਇਹ ਹੁਣ ਹਸਪਤਾਲ ਨਹੀਂ ਰਿਹਾ ਹੈ। ਇਜ਼ਰਾਈਲ ਆਖਦਾ ਆ ਰਿਹਾ ਹੈ ਕਿ ਹਮਾਸ ਹਸਪਤਾਲ ’ਚ ਬੈਠੇ ਲੋਕਾਂ ਦੀ ਮਨੁੱਖੀ ਢਾਲ ਵਜੋਂ ਵਰਤੋਂ ਕਰ ਰਿਹਾ ਹੈ ਜਦਕਿ ਉਥੇ ਦਹਿਸ਼ਤਗਰਦਾਂ ਦਾ ਕਮਾਂਡ ਸੈਂਟਰ ਅਤੇ ਹੋਰ ਫ਼ੌਜੀ ਬੁਨਿਆਦੀ ਢਾਂਚੇ ਹੋਣ ਦੇ ਪੁਖ਼ਤਾ ਸਬੂਤ ਹਨ। ਹਮਾਸ ਅਤੇ ਹਸਪਤਾਲ ਦੇ ਅਮਲੇ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਗਾਜ਼ਾ ’ਚ ਹਸਪਤਾਲਾਂ ਦੇ ਡਾਇਰੈਕਟਰ ਮੁਹੰਮਦ ਜ਼ਾਕੂਤ ਨੇ ਕਿਹਾ ਕਿ 650 ਮਰੀਜ਼ਾਂ ਦਾ ਸ਼ਿਫ਼ਾ ’ਚ ਇਲਾਜ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਕਰੀਬ 2500 ਫਲਸਤੀਨੀਆਂ ਨੇ ਹਸਪਤਾਲ ਅੰਦਰ ਪਨਾਹ ਲਈ ਹੋਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਹਸਪਤਾਲ ਦਾ ਐਮਰਜੈਂਸੀ ਜੈਨਰੇਟਰ ਬੰਦ ਹੋਣ ਕਾਰਨ ਤਿੰਨ ਬੱਚਿਆਂ ਅਤੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 36 ਹੋਰ ਬੱਚਿਆਂ ਤੇ ਹੋਰ ਮਰੀਜ਼ਾਂ ਦੀ ਜਾਨ ਖ਼ਤਰੇ ’ਚ ਹੈ। -ਏਪੀ
ਹਜਿ਼ਬੁੱਲਾ ਦੇ ਹਮਲੇ ’ਚ 7 ਇਜ਼ਰਾਇਲੀ ਸੈਨਿਕਾਂ ਸਮੇਤ 17 ਜ਼ਖ਼ਮੀ
ਯੇਰੂਸ਼ਲਮ: ਲਬਿਨਾਨ ਦੇ ਹਜਿ਼ਬੁੱਲਾ ਧੜੇ ਵੱਲੋਂ ਕੀਤੇ ਗਏ ਹਮਲੇ ’ਚ ਇਜ਼ਰਾਈਲ ਦੇ ਸੱਤ ਫ਼ੌਜੀਆਂ ਸਮੇਤ 17 ਵਿਅਕਤੀ ਜ਼ਖ਼ਮੀ ਹੋ ਗਏ। ਹਮਲੇ ’ਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਲਬਿਨਾਨ-ਇਜ਼ਰਾਈਲ ਸਰਹੱਦ ’ਤੇ ਹਜਿ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਝੜਪਾਂ ਤੇਜ਼ ਹੋ ਗਈਆਂ ਹਨ। ਇਜ਼ਰਾਇਲੀ ਫ਼ੌਜ ਦੇ ਮੁੱਖ ਤਰਜਮਾਨ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਕਿਹਾ ਕਿ ਹਜਿ਼ਬੁੱਲਾ ਵੱਲੋਂ ਮਨਾਰਾ ’ਚ ਇਜ਼ਰਾਇਲੀ ਨਾਗਰਿਕਾਂ ’ਤੇ ਹਮਲਾ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦਾ ਧਿਆਨ ਗਾਜ਼ਾ ਜੰਗ ’ਤੇ ਲੱਗਾ ਹੋਇਆ ਹੈ ਅਤੇ ਉਸ ਨੇ ਉੱਤਰੀ ਪਾਸੇ ਵੱਲ ਵੀ ਤਿਆਰੀ ਖਿੱਚੀ ਹੋਈ ਹੈ। ਇਜ਼ਰਾਈਲ ਨੇ ਯਾਰੋਨ, ਮੇਅਜ਼ ਅਲ-ਜਬਾਲ ਅਤੇ ਆਲਮਾ ਅਲ-ਸ਼ਾਬ ਸਮੇਤ ਕਈ ਲਬਿਨਾਨੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦਾ ਇਕ ਜਵਾਨ ਅਲ-ਕਾਵਜ਼ਾ ’ਚ ਗੋਲੀਬਾਰੀ ’ਚ ਜ਼ਖ਼ਮੀ ਹੋਇਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਵਾਨ ਹਮਲੇ ’ਚ ਜ਼ਖ਼ਮੀ ਹੋਇਆ ਹੈ ਜਾਂ ਫਿਰ ਉਹ ਅਚਾਨਕ ਹੋਈ ਗੋਲੀਬਾਰੀ ਦੀ ਚਪੇਟ ’ਚ ਆ ਗਿਆ। -ਏਪੀ
ਯੂਰੋਪੀਅਨ ਯੂਨੀਅਨ ਵੱਲੋਂ ਹਮਾਸ ਦੀ ਨਿਖੇਧੀ
ਬ੍ਰਸੱਲਜ਼: ਇਜ਼ਰਾਈਲ ਖ਼ਿਲਾਫ਼ ਜੰਗ ’ਚ ਹਸਪਤਾਲਾਂ ਅਤੇ ਆਮ ਨਾਗਰਿਕਾਂ ਦੀ ਮਨੁੱਖੀ ਢਾਲ ਵਜੋਂ ਵਰਤੋਂ ਕਰਨ ਲਈ ਯੂਰੋਪੀਅਨ ਯੂਨੀਅਨ ਨੇ ਹਮਾਸ ਦੀ ਨਿੰਦਾ ਕੀਤੀ ਹੈ। ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਬਾਰੇ ਮੁਖੀ ਜੋਸੇਪ ਬੋਰੈੱਲ ਨੇ ਕਿਹਾ ਕਿ ਈਯੂ ਨੇ ਇਜ਼ਰਾਈਲ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕਰਨ ਲਈ ਆਖਿਆ ਹੈ। ਈਯੂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਬੋਰੈੱਲ ਨੇ ਪ੍ਰਧਾਨਗੀ ਕੀਤੀ ਅਤੇ ਸਾਂਝਾ ਬਿਆਨ ਜਾਰੀ ਕੀਤਾ। ਈਯੂ ਮੁਲਕਾਂ ਨੇ ਇਕ ਬਿਆਨ ’ਚ ਕਿਹਾ ਕਿ ਹਮਲੇ ਤੁਰੰਤ ਰੁਕਣੇ ਚਾਹੀਦੇ ਹਨ ਅਤੇ ਮਾਨਵੀ ਲਾਂਘੇ ਬਣਾਏ ਜਾਣੇ ਤਾਂ ਜੋ ਸਹਾਇਤਾ ਗਾਜ਼ਾ ਅੰਦਰ ਤੱਕ ਪਹੁੰਚ ਸਕੇ। ਉਨ੍ਹਾਂ ਹਮਾਸ ਨੂੰ ਸਾਰੇ ਬੰਦੀਆਂ ਦੀ ਬਿਨਾਂ ਸ਼ਰਤ ਰਿਹਾਈ ਵੀ ਮੰਗੀ ਹੈ। -ਏਪੀ