ਅਮਰੀਕਾ ਦੇ ਓਕਲਾਹੋਮਾ ’ਚ ਤੂਫਾਨ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ
ਓਕਲਾਹੋਮਾ, 3 ਨਵੰਬਰ
ਅਮਰੀਕੀ ਰਾਜ ਓਕਲਾਹੋਮਾ ’ਚ ਅੱਜ ਆਏ ਭਿਆਨਕ ਤੂਫਾਨ ਤੇ ਵਾਵਰੋਲਿਆਂ ਕਾਰਨ ਕਈ ਘਰਾਂ ਦੀਆਂ ਛੱਤਾਂ ਤੇ ਲੋਕਾਂ ਦੀਆਂ ਕਾਰਾਂ ਉੱਡ ਗਈਆਂ ਅਤੇ ਹਜ਼ਾਰਾਂ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਬੰਦ ਹੋ ਗਈ। ਇਸ ਦੌਰਾਨ ਵਾਪਰੀਆਂ ਘਟਨਾਵਾਂ ’ਚ ਘੱਟੋ ਘੱਟ ਛੇ ਜਣੇ ਜ਼ਖ਼ਮੀ ਹੋ ਗਏ। ਨੁਕਸਾਨ ਬਾਰੇ ਸਪੱਸ਼ਟ ਜਾਣਕਾਰੀ ਉਸ ਸਮੇਂ ਹਾਸਲ ਹੋਈ ਜਦੋਂ ਰਾਜ ਦੀ ਰਾਜਧਾਨੀ ਓਕਲਾਹੋਮਾ ਸ਼ਹਿਰ ’ਚ ਰਾਤ ਭਰ ਆਏ ਭਿਆਨਕ ਤੂਫ਼ਾਨ ਮਗਰੋਂ ਦਿਨ ਚੜ੍ਹਿਆ ਅਤੇ ਅਰਕੈਂਸਾਸ ਹੱਦ ਵੱਲ ਵੱਧ ਰਹੇ ਵਾਵਰੋਲੇ ਬਾਰੇ ਚਿਤਾਵਨੀ ਦਿੱਤੀ ਗਈ। ਸਥਾਨਕ ਟੈਲੀਵਿਜ਼ਨ ਫੁਟੇਜ ’ਚ ਬਿਜਲੀ ਦੀਆਂ ਡਿੱਗੀਆਂ ਹੋਈਆਂ ਲਾਈਨਾਂ, ਘਰਾਂ ਦੀਆਂ ਡਿੱਗੀਆਂ ਹੋਈਆਂ ਕੰਧਾਂ, ਪਲਟੇ ਹੋਏ ਵਾਹਨ ਤੇ ਮਲਬੇ ਨਾਲ ਭਰੀਆਂ ਸੜਕਾਂ ਦਿਖਾਈ ਦੇ ਰਹੀਆਂ ਸਨ। ਓਕਲਾਹੋਮਾ ਸ਼ਹਿਰੀ ਪੁਲੀਸ ਨੇ ਦੱਸਿਆ ਕਿ ਘੱਟੋ-ਘੱਟ ਛੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਬਿਜਲੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜ ’ਚ ਘੱਟੋ ਘੱਟ 95 ਹਜ਼ਾਰ ਖਪਤਕਾਰ ਬਿਜਲੀ ਸਪਲਾਈ ਠੱਪ ਹੋਣ ਕਾਰਨ ਪ੍ਰਭਾਵਿਤ ਹਨ। ਓਕਲਾਹੋਮਾ ਸ਼ਹਿਰ ਦੇ ਬਾਹਰਵਾਰ ਸਥਿਤ ਛੋਟੇ ਜਿਹੇ ਸ਼ਹਿਰ ਚੌਕਟਾਅ ਦੀਆਂ ਅਥਾਰਿਟੀਆਂ ਨੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਇੱਕ ਵਾਵਰੋਲੇ ਨੇ ਸ਼ਹਿਰ ’ਚ ਦਸਤਕ ਦਿੱਤੀ। ਪੁਲੀਸ ਵਿਭਾਗ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਤੇ ਪੁਲੀਸ ਅਫਸਰਾਂ ਨੇ ਘਰ-ਘਰ ਜਾ ਕੇ ਜ਼ਖ਼ਮੀਆਂ ਬਾਰੇ ਪੁੱਛਿਆ। -ਏਪੀ